
'ਪਾਣੀ ਦੇ 35 ਫ਼ੀ ਸਦੀ ਨਮੂਨੇ ਹੋਏ ਫੇਲ੍ਹ'
Water Treatment News: ਜ਼ਿਲ੍ਹਾ ਮੁਕਤਸਰ ਵਿਚ ਪਿਛਲੇ 10 ਮਹੀਨਿਆਂ ਦੌਰਾਨ ਪਾਣੀ ਦੇ 35 ਫ਼ੀ ਸਦੀ ਨਮੂਨੇ ਫੇਲ੍ਹ ਹੋ ਗਏ ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਅਕਤੂਬਰ ਦੇ ਆਖਿਰ ਤੱਕ ਪਾਣੀ ਦੇ 141 ਨਮੂਨੇ ਲਏ ਸਨ ਜਿਨ੍ਹਾਂ ’ਚੋਂ 50 ਸੈਂਪਲ ਫੇਲ੍ਹ ਹੋਏ ਹਨ। ਫੇਲ੍ਹ ਹੋਏ ਪਾਣੀ ਦੇ ਨਮੂਨਿਆਂ ਵਿਚ ਬੈਕਟੀਰੀਆ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਪਾਈ ਗਈ ਹੈ।
ਵਿਭਾਗੀ ਸੂਤਰਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ, ਸਕੂਲਾਂ, ਪੁਲਿਸ ਥਾਣਿਆਂ, ਹੋਟਲਾਂ, ਰੈਸਤਰਾਂ ਸਣੇ ਵਾਟਰ ਵਰਕਸ ਤੇ ਆਰਓ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਜ਼ਮੀਨਦੋਜ਼ ਅਤੇ ਨਹਿਰੀ ਪਾਣੀ ਦੇ ਨਮੂਨੇ ਲਏ ਗਏ ਸਨ। ਹੈਲਥ ਇੰਸਪੈਕਟਰ ਨੇ ਦੱਸਿਆ ਕਿ ਕੁੱਝ ਥਾਵਾਂ ’ਤੇ ਪਾਣੀ ’ਚ ਟੀਡੀਐੱਸ (ਟੋਟਲ ਡਜਿ਼ੌਲਵਡ ਸੌਲਿਡ) ਦਾ ਪੱਧਰ ਲੋੜੀਂਦੀ ਮਾਤਰਾ ਪੀਪੀਐੱਮ (100 ਪਾਰਟਸ ਪਰ ਮਿਲੀਅਨ) ਤੋਂ ਵੱਧ ਪਾਇਆ ਗਿਆ ਹੈ। ਮੁਕਤਸਰ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਰੀਟਾ ਬਾਲਾ ਨੇ ਦੱਸਿਆ ਕਿ ਪਾਣੀ ਦੇ ਨਮੂਨਿਆਂ ਦੀ ਰਿਪੋਰਟਾਂ ਆਉਣ ਮਗਰੋਂ ਪਾਣੀ ਨੂੰ ਕਲੋਰੀਨ ਪਾ ਕੇ ਸੋਧਿਆ ਹੈ ਅਤੇ ਕੁੱਝ ਮਾਮਲਿਆਂ ’ਚ ਪਾਣੀ ਬਦਲਣ ਲਈ ਵਿਭਾਗਾਂ ਨੂੰ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਕੁੱਝ ਖੇਤਰਾਂ ’ਚ ਧਰਤੀ ਹੇਠਲਾ ਪਾਣੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਰਿਹਾ ਜਿਸ ਕਾਰਨ ਕਈ ਆਰਓ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਪਏ ਹਨ। ਪਲਾਂਟ ਬੰਦ ਹੋਣ ਕਾਰਨ ਖੇਤਰ ਵਿਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸਰਕਾਰ ਵੱਲੋਂ ਇਹ ਪਲਾਂਟ ਕੁੱਝ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਲਗਾਏ ਗਏ ਸਨ। ਮੌਜੂਦਾ ਸਮੇਂ ਪਿੰਡਾਂ ’ਚ ਗਰੀਬ ਲੋਕ ਨਹਿਰੀ ਪਾਣੀ ’ਤੇ ਨਿਰਭਰ ਹਨ ਜਿਨ੍ਹਾਂ ਨੂੰ ਸ਼ਾਮ ਵੇਲੇ ਨਹਿਰ ਤੋਂ ਪਾਣੀ ਲਿਆਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਜ਼ਿਲ੍ਹਾ ਮੁਕਤਸਰ ਵਿਚ ਸਾਲ 2022 ’ਚ 47 ਫ਼ੀ ਸਦੀ ਪਾਣੀ ਦੇ ਨਮੂਨੇ ਫੇਲ੍ਹ ਹੋਏ ਸਨ। ਉਸੇ ਵੇਲੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ਤੋਂ ਪਾਣੀ ਦੇ 424 ਨਮੂਨੇ ਲਏ ਸਨ, ਜਿਨ੍ਹਾਂ ’ਚੋਂ 200 ਸੈਂਪਲ ਫੇਲ੍ਹ ਹੋ ਗਏ ਸਨ।
(For more news apart from RO water treatment plants were installed with the support of private companies, stay tuned to Rozana Spokesman)