
ਪੰਜਾਬ ਅੰਦਰ ਨਿਜ਼ਾਮ ਬਦਲਣ ਨੂੰ ਲੈ ਕੇ ਤੀਜੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਵਜੂਦ ਖਤਮ ਹੋਣਾ ਸ਼ੁਰੂ ਹੋ ਚੁੱਕਾ ਹੈ........
ਧਨੌਲਾ : ਪੰਜਾਬ ਅੰਦਰ ਨਿਜ਼ਾਮ ਬਦਲਣ ਨੂੰ ਲੈ ਕੇ ਤੀਜੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਵਜੂਦ ਖਤਮ ਹੋਣਾ ਸ਼ੁਰੂ ਹੋ ਚੁੱਕਾ ਹੈ। ਪਾਰਟੀ ਵਿਚ ਚਲ ਰਹੀ ਆਪਸੀ ਧੜੇਬੰਦੀ ਨੂੰ ਇਸਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ ਅੰਦਰ ਪੈਦਾ ਹੋਏ ਰਾਜਨੀਤਕ ਵਿਵਾਦ ਨੂੰ ਠੱਲ੍ਹਣ ਲਈ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਭਰ ਅੰਦਰ ਤੀਜੀ ਧਿਰ ਦੇ ਨਾਲ ਕਾਫ਼ਲਿਆ ਨਾਲ ਕਾਫ਼ਲੇ ਜੋੜ ਕੇ ਤੁਰਨ ਵਾਲੇ ਪਾਰਟੀ ਵਰਕਰ ਹੌਲੀ-ਹੌਲੀ ਪਾਰਟੀ ਦੀਆਂ ਆਪ-ਹੁਦਰੀਆ ਨੀਤੀਆਂ ਤੋਂ ਤੰਗ ਆ ਕੇ ਹੋਰਨਾਂ
ਪਾਰਟੀਆਂ ਵੱਲ ਜਾਣ ਲੱਗੇ ਹਨ। ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਵਲੋਂ ਰੋਕਿਆ ਨਹੀਂ ਗਿਆ ਸਗੋਂ ਅਪਣੀ ਪ੍ਰਧਾਨਗੀ ਨੂੰ ਲੈ ਕੇ ਕਾਟੋ-ਕਲੇਸ਼ ਹੋਏ ਆਪ ਦੇ ਆਗੂ ਹੋਰਨਾਂ ਪਾਰਟੀਆਂ ਲਈ ਕੇਂਦਰ ਬਿੰਦੂ ਬਣੇ ਹੋਏ ਹਨ। ਲਿਹਾਜ਼ਾ ਹਾਲਾਤ ਇਹ ਹਨ ਕਿ ਪੰਜਾਬ ਦੀਆਂ ਦੋਵੇਂ ਪ੍ਰਮੁੱਖ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਲਈ ਹਰ ਪੱਖੋਂ ਸਹਿਯੋਗ ਦਿਤਾ। ਇਥੋਂ ਤਕ ਵਿਦੇਸ਼ਾਂ ਵਿਚ ਬੈਠੇ ਐਨ ਆਰ ਆਈ ਪਰਵਾਰਾਂ ਵਲੋਂ ਵੀ ਪਾਰਟੀ ਫੰਡ ਦੇ ਨਾਮ ਉਤੇ ਮੋਟੇ ਰੂਪ ਵਿਚ ਰਾਸ਼ੀ ਦਿਤੀ ਗਈ।
ਪਰ ਲੰਘੀਆ ਵਿਧਾਨ ਸਭਾ ਚੋਣਾਂ ਦੌਰਾਨ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਪ ਪਾਰਟੀ ਕੁੱਝ ਸੀਟਾਂ ਉਤੇ ਸਿਮਟ ਕੇ ਹੀ ਰਹਿ ਗਈ, ਜਿਸਦਾ ਕਾਰਨ ਵੀ ਸਿਆਸੀ ਮਾਹਰ ਪਾਰਟੀ ਵਿਚ ਅੰਦਰੂਨੀ ਪਾਟੋਧਾੜ ਅਤੇ ਵਿਦੇਸ਼ੀ ਫੰਡ ਨੂੰ ਮੰਨ ਰਹੇ ਹਨ। ਆਮ ਆਦਮੀ ਪਾਰਟੀ ਦਾ ਹਵਾਲਾ ਦੇ ਕੇ ਚੋਣਾਂ ਵਿਚ ਨਿਤਰਨ ਵਾਲੀ ਆਪ ਪਾਰਟੀ ਦੇ ਦਿੱਲੀ ਬੈਠੇ ਆਗੂਆਂ ਨੇ ਪੂਰੇ ਸੂਬੇ ਅੰਦਰ ਕਿਸੇ ਇਕ ਆਮ ਵਿਅਕਤੀ ਨੂੰ ਟਿਕਟ ਨਹੀਂ ਦਿਤੀ। ਜਿਸ ਕਾਰਨ ਪਾਰਟੀ ਨੂੰ ਜ਼ਮੀਨੀ ਪੱਧਰ ਉਤੇ ਖੜੇ ਕਰਨ ਵਾਲੇ ਆਪ ਆਗੂਆਂ ਅਤੇ ਵਰਕਰਾਂ ਵਲੋਂ ਅਪਣੇ ਪੈਰ ਪਿਛੇ ਖਿੱਚਣ ਕਾਰਨ ਆਪ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਸਬਕ ਲੈਣ ਦੀ ਬਜਾਏ ਆਪ ਆਗੂਆਂ ਨੇ ਆਪਸੀ ਤਾਲਮੇਲ ਕਰਕੇ ਹਾਰ ਦੇ ਕਾਰਨਾ ਨੂੰ ਸਮਝਣ ਦੀ ਬਜਾਏ ਸਿਰਫ਼ ਪੰਜਾਬ ਸੂਬੇ ਦੀ ਪ੍ਰਧਾਨਗੀ ਨੂੰ ਲੈ ਕੇ ਇਕ ਦੂਜੇ ਵਿਧਾਇਕ ਦੀਆਂ ਲੱਤਾਂ ਖਿਚਣੀਆਂ ਸ਼ੁਰੂ ਕਰ ਦਿਤੀਆਂ। ਜਿਸਦਾ ਕਾਰਨ ਇਹ ਹੋਇਆ ਕਿ ਪਾਰਟੀ ਦੋ-ਫਾੜ ਹੋ ਗਈ। ਇਕ ਧਿਰ ਨੇ ਵਿਰੋਧੀ ਧਿਰ ਨੇਤਾ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਨਾਲ ਚਲਣਾ ਸ਼ੁਰੂ ਕਰ ਦਿਤਾ। ਜਦੋਂ ਕਿ ਦੂਜੇ ਧੜੇ ਵਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਚਲਣਾ ਸ਼ੁਰੂ ਕਰ ਦਿਤਾ ਜਿਸਦਾ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਭਰਪੂਰ ਫਾਇਦਾ ਉਠਾਇਆ।
ਅੱਜ ਹਾਲਾਤ ਇਹ ਹਨ ਕਿ ਆਪ ਦੀਆ ਰੈਲੀਆਂ ਵਿਚ ਹਜ਼ਾਰਾਂ ਦਾ ਇਕੱਠ ਕਰਨ ਵਾਲੇ ਭਗਵੰਤ ਮਾਨ ਨੇ ਕਿਸੇ ਵੀ ਪ੍ਰੋਗਰਾਮ ਵਿਚ ਲੋਕਾਂ ਦਾ 100 ਤੋਂ ਵੱਧ ਅੰਕੜਾ ਪਾਰ ਨਹੀਂ ਕਰ ਸਕਿਆ। ਜਿਸ ਕਾਰਨ ਪਾਰਟੀ ਨੂੰ ਰਾਜਨੀਤਕ ਅਤੇ ਜ਼ਮੀਨੀ ਪੱਧਰ ਉਤੇ ਵੱਡਾ ਖੋਰਾ ਲੱਗਿਆ ਹੈ। ਭਾਵੇਂਕਿ ਆਮ ਆਦਮੀ ਪਾਰਟੀ ਵਲੋਂ ਪੂਰੇ ਦੇਸ਼ ਅੰਦਰ ਇਸ ਵਾਰ ਵੱਖ-ਵੱਖ ਚੋਣਵੇਂ ਸੂਬਿਆ ਤੋਂ ਲੋਕ ਸਭਾ ਦੀਆਂ 13 ਸੀਟਾਂ ਉਤੇ ਚੋਣਾਂ ਲੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆ ਹਨ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਸਿਰਫ਼ ਉਹਨਾਂ ਸੂਬਿਆ ਅੰਦਰ ਲੋਕ ਸਭਾ ਚੋਣਾ ਲੜੇਗੀ ਜਿਹਨਾਂ ਸੂਬਿਆਂ ਅੰਦਰ ਆਮ ਆਦਮੀ ਪਾਰਟੀ ਦਾ ਆਧਾਰ ਹੋਵੇਗਾ।
ਜੇ ਦੇਖਿਆ ਜਾਏ ਤਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਆਧਾਰ ਜ਼ਮੀਨੀ ਪੱਧਰ ਉਤੇ ਖਤਮ ਹੋ ਚੁੱਕਾ ਹੈ। ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਜਾਬ ਵਿਚੋਂ ਜਿੱਤ ਕਿਵੇਂ ਹਾਸਿਲ ਕਰਨਗੇ ? ਇਹ ਵੀ ਇਕ ਸਵਾਲੀਆ ਨਿਸ਼ਾਨ ਹੈ ਪਰੰਤੂ ਪਿਛਲੀ ਵਾਰ ਦਿੱਲੀ ਦੀ ਤਖਤ ਉਤੇ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਦੇਸ਼ ਦੀ ਵਾਗਡੋਰ ਸਾਂਭਣ ਲਈ ਪੂਰੇ ਦੇਸ਼ ਅੰਦਰ ਲੋਕ ਸਭਾ ਚੋਣਾ ਲੜਨ ਦਾ ਐਲਾਨ ਬਿਗੁਲ ਵਜਾ ਕੇ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿਤੀ ਸੀ। ਭਾਵੇਂ ਉਸ ਸਮੇਂ ਲਾਲਚ ਵਿਚ ਆਏ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀ ਕਾਂਗਰਸ ਉਤੇ ਇਹ ਦੋਸ਼ ਲਾਏ ਸੀ
ਕਿ ਉਹਨਾਂ ਨੂੰ ਦਿੱਲੀ ਅੰਦਰ ਕਾਂਗਰਸ ਪਾਰਟੀ ਵਲੋਂ ਚੱਲਣ ਨਹੀਂ ਦਿਤਾ ਜਾ ਰਿਹਾ ਜਿਸ ਤੋਂ ਤੰਗ ਆਏ ਉਹਨਾਂ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਕੇ ਭਾਵੇਂ ਲੋਕ ਸਭਾ ਚੋਣਾਂ ਲੜਨ ਦਾ ਵੱਡਾ ਐਲਾਨ ਕੀਤਾ ਪਰੰਤੂ ਪੂਰੇ ਦੇਸ਼ ਅੰਦਰੋਂ ਉਹਨਾਂ ਨੂੰ ਸਿਵਾਏ ਪੰਜਾਬ ਤੋਂ ਇਕ ਵੀ ਸੀਟ ਹੱਥ ਨਹੀਂ ਲੱਗੀ ਸਿਰਫ਼ ਪੰਜਾਬ ਸੂਬਾ ਸੀ ਜਿਥੇ ਆਮ ਆਦਮੀ ਪਾਰਟੀ ਦੇ 4 ਲੋਕ ਸਭਾ ਮੈਂਬਰਾਂ ਨੇ ਜਿੱਤ ਹਾਸਲ ਕਰਕੇ ਵਿਰੋਧੀ ਪਾਰਟੀਆਂ ਲਈ ਮੁਸੀਬਤਾਂ ਤਾਂ ਖੜੀਆਂ ਕੀਤੀਆ
ਪਰੰਤੂ ਇਹ ਬਹੁਤੀ ਦੇਰ ਨਹੀਂ ਚੱਲਿਆ ਜਦੋਂ ਕਿ ਪਾਰਟੀ ਅੰਦਰ ਚੱਲੇ ਅੰਦਰੂਨੀ ਕਲੇਸ਼ ਕਾਰਨ 2 ਲੋਕ ਸਭਾ ਮੈਬਰਾ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਲੇਕਿਨ ਹੁਣ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਏ ਦਿਨ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਭੰਡਣ ਵਾਲੀ ਆਪ ਦੇ ਆਗੂ ਅਪਣਾ ਵਜੂਦ ਬਚਾਉਣ ਲਈ ਮੁੜ ਅਕਾਲੀ ਦਲ ਅਤੇ ਕਾਂਗਰਸੀਆ ਨਾਲ ਨੇੜਤਾ ਵਧਾ ਕੇ ਅਪਣੇ ਕਿਰਦਾਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।