
ਨਿਰਦੋਸ਼ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਦੀ ਕੀਤੀ ਮੰਗ
ਚੰਡੀਗੜ੍ਹ - ਚੰਡੀਗੜ੍ਹ ਵਿਚ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਹਿਲਾਂ ਹੀ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਇਸੇ ਦੇ ਨਾਲ ਹੀ ਅੱਜ ਕਈ ਹਿੰਦੂ ਸੰਗਠਨਾਂ ਨੇ ਵੀ ਚੰਡੀਗੜ੍ਹ ਵਿਚ ਨੰਗੇਂ ਪੈਂਰੀ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਹਿੰਦੂ ਸੰਗਠਨ ਦੇ ਆਗੂਆਂ ਨੇ ਇਹ ਮੰਗ ਕੀਤੀ ਹੈ ਕਿ ਜਿਹੜੇ ਨਿਰਦੋਸ਼ ਪੁਲਿਸ ਮੁਲਾਜ਼ਮ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ ਉਹਨਾਂ ਨੂੰ ਰਿਹਾਅ ਕੀਤਾ ਜਾਵੇ।
ਇਸ ਪ੍ਰਦਰਸ਼ਨ ਦੌਰਾਨ ਇਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੀ ਕਿਉਂਕਿ ਇਸ ਵਿਚ ਇਕ ਸਿੱਖ ਨੌਜਵਾਨ ਅਪਣੇ ਆਪ ਨੂੰ ਬੇੜੀਆਂ ਵਿਚ ਜਕੜ ਕੇ ਪੁਲਿਸ ਦੀ ਵਰਦੀ ਪਾ ਕੇ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਤੇ ਉਹ ਵੀ ਇਹੀ ਮੰਗ ਚੁੱਕ ਰਿਹਾ ਸੀ ਜੋ ਹਿੰਦੂ ਸੰਗਠਨ ਚੁੱਕ ਰਹੇ ਸਨ। ਇਸ ਪ੍ਰਦਰਸ਼ਨ ਦੌਰਾਨ ਜਦੋਂ ਇਕ ਆਗੂ ਨੂੰ ਸਵਾਲ ਕੀਤਾ ਗਿਆ ਕਿ ਇਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਉਹ ਇਹ ਪ੍ਰਦਰਸ਼ਨ ਕਰ ਰਹੇ ਹਨ ਤਾਂ ਕੀ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਜਵਾਬ ਵਿਚ ਆਗੂ ਨੇ ਕਿਹਾ ਕਿ ਉਹ ਇਕ ਦਾਇਰੇ ਵਿਚ ਰਹਿ ਕੇ ਇਹ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਦਾਇਰਾ ਸ਼ਿਵ ਸੈਨਾ ਪੰਜਾਬ ਨੇ ਬਣਾਇਆ ਹੈ ਜਿਸ ਵਿਚ ਰਹਿ ਕੇ ਇਹ ਸਭ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਜਦੋਂ ਉਕਤ ਸਿੱਖ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੌਜਵਾਨ ਨੇ ਕਿਹਾ ਕਿ ਉਹ ਇਹ ਪ੍ਰਦਰਸ਼ਨ ਉਹਨਾਂ ਲਈ ਕਰ ਰਹੇ ਹਨ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ 1985 ਤੋਂ ਲੈ ਕੇ 1992 ਤੱਕ ਦੇ ਉਸ ਕਾਲੇ ਦੌਰ ਵਿਚ ਅਤਿਵਾਦ ਦਾ ਖਾਤਮਾ ਕੀਤਾ ਸੀ। ਜਦੋਂ ਨੌਜਵਾਨ ਨੂੰ ਇਹ ਕਿਹਾ ਗਿਆ ਕਿ ਇਹਨਾਂ ਪੁਲਿਸ ਮੁਲਾਜ਼ਮਾਂ 'ਤੇ ਸਿੱਖਾਂ ਨੂੰ ਮਾਰਨ ਦੇ ਦੋਸ਼ ਹਨ ਤੇ ਉਹ ਆਪ ਵੀ ਇਕ ਸਿੱਖ ਹੋ ਕੇ ਇਹਨਾਂ ਨੂੰ ਸਹੀ ਕਿਉਂ ਠਹਿਰਾ ਰਹੇ ਹਨ ਤਾਂ ਨੌਜਵਾਨ ਨੇ ਕਿਹਾ ਕਿ ਸਿੰਘ ਕੋਈ ਅਤਿਵਾਦੀ ਨਹੀਂ ਹੁੰਦਾ, ਸਿੰਘ ਉਹ ਹੁੰਦਾ ਹੈ ਜੋ ਕਿਸੇ ਗਊ-ਗਰੀਬ ਦੀ ਰੱਖਿਆ ਕਰੇ ਨਾ ਕਿ ਨਿਹੱਥਿਆਂ 'ਤੇ ਵਾਰ ਕਰੇ।
ਜਦੋਂ ਨੌਜਵਾਨ ਕੋਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰਾ ਦੀ ਗੱਲਬਾਤ ਕੀਤੀ ਗਈ ਕਿ ਸਾਡੇ ਪੰਜਾਬ ਦੇ ਲੋਕ ਤਾਂ ਉਹਨਾਂ ਨੂੰ ਜਥੇਦਾਰ ਤੇ ਜਰਨੈਲ ਮੰਨਦੇ ਹਨ ਤਾਂ ਉਸ ਨੇ ਉਹਨਾਂ ਨੂੰ ਅਤਿਵਾਦੀ ਦੱਸਿਆ ਤੇ ਕਿਹਾ ਕਿ ਜਥੇਦਾਰ ਉਹ ਨਹੀਂ ਹੁੰਦਾ ਜੋ ਅਪਣੇ ਹੀ ਸੂਬੇ ਦੇ ਮੁੱਖ ਮੰਤਰੀ ਨੂੰ ਮਾਰ ਦੇਵੇ ਤੇ ਉਸ ਦੌਰ ਵਿਚ ਹਜ਼ਾਰਾਂ ਹੀ ਹਿੰਦੂਆਂ ਨੂੰ ਬੱਸਾਂ ਵਿਚੋਂ ਕੱਢ-ਕੱਢ ਕੇ ਮਾਰਿਆ ਗਿਆ ਤਾਂ ਉਹਨਾਂ ਨੂੰ ਫਿਰ ਪੰਜਾਬ ਦੇ ਲੋਕ ਅਪਣਾ ਆਈਡੀਅਲ ਮੰਨਦੇ ਹਨ ਤਾਂ ਕੀ ਇਹ ਸਹੀ ਹੈ।
ਫਿਰ ਜਦੋਂ ਨੌਜਵਾਨ ਨੂੰ ਸਵਾਲ ਕੀਤਾ ਗਿਆ ਕਿ ਕੀ ਕੇਪੀਐੱਸ ਗਿੱਲ ਸਹੀ ਸੀ ਤਾਂ ਨੌਜਵਾਨ ਨੇ ਕਿਹਾ ਕਿ ਬਿਲਕੁਲ ਸਹੀ ਸੀ ਉਸ ਨੇ ਪੰਜਾਬ ਦਾ ਮੁੱਖ ਮੰਤਰੀ ਤਾਂ ਨੀ ਮਾਰਿਆ ਸੀ। ਸਿੱਖ ਨੌਜਵਾਨ ਨੇ ਬੰਦੀ ਸਿੰਘਾਂ ਨੂੰ ਅਤਿਵਾਦੀ ਦੱਸਦਿਆਂ ਕਿਹਾ ਕਿ ਉਹਨਾਂ ਨੇ ਨਿਰਦੋਸ਼ਾਂ ਨੂੰ ਮਾਰਿਆ। ਇਸ ਦੇ ਨਾਲ ਹੀ ਇਕ ਹੋਰ ਹਿੰਦੂ ਸੰਗਠਨ ਦੇ ਆਗੂ ਨੇ ਕਿਹਾ ਕਿ ਉਹਨਾਂ ਦਾ ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਤੇ ਉਹ ਕਾਫ਼ੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਨਿਰਦੋਸ਼ ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕੀਤਾ ਜਾਵੇ ਜਿੰਨਾ ਨੇ ਅਤਿਵਾਦ ਨੂੰ ਪੰਜਾਬ ਵਿਚੋਂ ਖ਼ਤਮ ਕੀਤਾ।
ਇਹ ਵੀ ਪੜ੍ਹੋ - ਮੁਹਾਲੀ ਏਅਰਪੋਰਟ ’ਤੇ ਲੱਗੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ, CM ਨੇ ਬੁੱਤ ਲਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ
ਆਗੂ ਨੇ ਕਿਹਾ ਕਿ ਉਹ ਉਹਨਾਂ ਗਰੀਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੇ ਹਨ ਜੋ ਆਪ ਤਾਂ ਜੇਲ੍ਹ ਵਿਚ ਹਨ ਤੇ ਉਹਨਾਂ ਦੇ ਘਰ ਚੁੱਲਾ ਵੀ ਨਹੀਂ ਜਲਦਾ ਤੇ ਉਹਨਾਂ ਦੇ ਬੱਚਿਆਂ ਦੇ ਰਿਸ਼ਤੇ ਟੁੱਟ ਗਏ ਹਨ ਤੇ ਹੁਣ ਤੁਸੀਂ ਉਹਨਾਂ ਨੂੰ ਹੀ ਅਤਿਵਾਦ ਕਹਿ ਰਹੇ ਹੋ ਜਿੰਨਾ ਨੇ ਪੰਜਾਬ ਲਈ ਇੰਨਾ ਕੁੱਝ ਕੀਤਾ। ਇਸ ਦੇ ਨਾਲ ਹੀ ਆਗੂ ਨੇ ਅੰਮ੍ਰਿਤਪਾਲ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹਿੰਦੁਸਤਾਨ ਤੋਂ ਅਲੱਗ ਕਰਨ ਦੀ ਗੱਲ ਕਰ ਰਿਹਾ ਹੈ ਤੇ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪ ਕੇ ਨਿਰਦੋਸ਼ ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕਰਨ ਦੀ ਮੰਗ ਕਰਨਗੇ ਤੇ ਪੰਜਾਬ ਵਿਚ ਕਿਸਾਨਾਂ ਲਈ ਅਫ਼ੀਮ ਦੀ ਖੇਤੀ ਦਾ ਮੁੱਦਾ ਵੀ ਚੁੱਕਿਆ ਜਾਵੇਗਾ ਤੇ ਸਰਕਾਰ ਕੋਲ ਇਹ ਵੀ ਮੰਗ ਚੁੱਕੀ ਜਾਵੇਗੀ ਕਿ ਪੰਜਾਬ ਨਾਲ ਲੱਗਦਾ ਪਾਕਿਸਤਾਨ ਦਾ ਬਾਰਡਰ ਵੀ ਖੋਲ੍ਹਿਆ ਜਾਵੇ।