
‘ਗੁਰੂਘਰ ’ਚ 70 ਦੇ ਕਰੀਬ ਬੱਚਿਆਂ ਨੂੰ ਦੇ ਰਿਹੈ ਗੁਰਮਤਿ ਵਿਦਿਆ’
‘ਸਤਿਗੁਰ ਜੀ ਕੀ ਸੇਵਾ ਸਭ ਹੈ ਜੇ ਕੋਈ ਕਰੇ ਚਿੱਤ ਲਾਏ’ ਗੁਰਬਾਣੀ ਦੀ ਇਹ ਤੁਕ ਪਾਠੀ ਸਿੰਘ ਭਾਈ ਜੋਗਾ ਸਿੰਘ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਜਿਸ ਨੇ ਇਕੋ ਚੌਕੜੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਸੰਪੂਰਨ ਪਾਠ ਕਰ ਦਿਤੇ। ਰੋਜ਼ਾਨਾ ਸਪੋਕਸਮੈਨ ਦੀ ਟੀਮ ਤਰਨਤਾਰਨ ਦੇ ਪਿੰਡ ਕੋਟ ਧਰਮਚੰਦ ’ਚ ਪਹੁੰਚੀ ਜਿਥੇ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾ ਰਹੇ ਪਾਠੀ ਭਾਈ ਜੋਗਾ ਸਿੰਘ ਨੂੰ ਮਿਲੇ, ਜਿਨ੍ਹਾਂ ’ਤੇ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਹੋਈ ਹੈ,
Photo
ਜਿਨ੍ਹਾਂ ਨੇ ਇਕ ਸਾਲ ਵਿਚ ਤਿੰਨ ਵਾਰ ਇਕੋ ਚੌਂਕੜੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੁਰਨ ਪਾਠ ਕੀਤੇ ਤੇ ਭੋਗ ਵੀ ਪਾਏ ਜੋ ਕਿ ਇਕ ਬਹੁਤ ਵੱਡੀ ਗੱਲ ਹੈ। ਅਸੀਂ ਦੇਖਦੇ ਹਾਂ ਕਿ ਜਿੱਥੇ 7 ਤੋਂ 8 ਪਾਠੀ ਸਿੰਘ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਰਦੇ ਹਨ ਉਥੇ ਇਸ ਪਾਠੀ ਸਿੰਘ ਨੇ ਇਕ ਚੌਂਕੜੇ ਵਿਚ ਸੰਪੂਰਨ ਪਾਠ ਕੀਤਾ ਹੈ। ਭਾਈ ਜੋਗਾ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਗੁਰੂ ਤੇ ਗੁਰੂ ਦੀ ਬਾਣੀ ਨਾਲ ਜੁੜਦੇ ਹਾਂ ਤਾਂ ਸਾਨੂੰ ਬੜਾ ਸਕੂਨ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਆਤਮਾ ਨੂੰ ਗੁਰੂ ਦੀ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਇਕ ਦਿਨ ਜ਼ਰੂਰ ਆਉਂਦਾ ਹੈ ਜਦੋਂ ਸਾਡੀ ਆਤਮਾ ਗੁਰੂ ਤੇ ਗੁਰੂ ਦੀ ਬਾਣੀ ਨਾਲ ਜੁੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀ ਮਾਤਾ ਦੇ ਗਰਭ ਵਿਚ ਹੁੰਦੇ ਹਾਂ ਤਾਂ ਸਾਡੀ ਆਤਮਾ ਪ੍ਰਮਾਤਮਾ ਨਾਲ ਜੁੜੀ ਹੁੰਦੀ ਹੈ ਪਰ ਜਦੋਂ ਅਸੀਂ ਬਾਹਰਲੀ ਦੁਨੀਆਂ ਵਿਚ ਜਨਮ ਲੈਂਦੇ ਹਾਂ ਤਾਂ ਸਾਡੀ ਲਿਵ ਪ੍ਰਮਾਤਮਾ ਨਾਲੋਂ ਟੁੱਟ ਜਾਂਦੀ ਹੈ ਤੇ ਅਸੀਂ ਆਪਣੇ ਬੁਨਿਆਦੀ ਕੰਮਾਂ ਵਿਚ ਫਸ ਜਾਂਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਕੋਲ ਲਿਖਵਾ ਕੇ ਆਉਂਦੇ ਹਾਂ ਕਿ ਅਸੀਂ ਮਨੁੱਖੀ ਜੀਵਨ ਵਿਚ ਚੰਗੇ ਕਰਮ ਕਰਨੇ ਹਨ ਪਰ ਅਸੀਂ ਇਥੇ ਆ ਕੇ ਸਭ ਭੁੱਲ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਿੱਖੀ ਵਲ ਨਹੀਂ ਤੁਰਦੇ ਗੁਰਬਾਣੀ ਨਾਲ ਨਹੀਂ ਜੁੜਦੇ ਕਿਉਂਕਿ ਅੱਜਕਲ ਫ਼ੈਸਨ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਦਾ ਜੀਵਨ ਜੀਉਣਾ ਚਾਹੀਦਾ ਹੈ ਤੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇ ਅਸੀਂ ਆਪ ਚੌਂਕੜਾ ਨਹੀਂ ਲਾ ਸਕਦੇ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਤਾਂ ਹੀ ਅਸੀਂ ਚੌਂਕੜਾ ਲਗਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਉਸਤਾਦ ਭਾਈ ਮਨਜਿੰਦਰ ਸਿੰਘ ਜੀ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਗੁਰਮਤਿ ਦੀ ਵਿਦਿਆ ਦਿਤੀ। ਉਨ੍ਹਾਂ ਕਿਹਾ ਕਿ ਕੁੱਝ ਵੀ ਹਾਸਲ ਕਰਨਾ ਹੋਵੇ ਤਾਂ ਸਾਨੂੰ ਗੁਰੂ ਜੀ ’ਤੇ ਭਰੋਸਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਵੈਸੇ ਵੀ ਹਰ ਰੋਜ਼ ਪਾਠ ਕਰਦੇ ਹਾਂ ਤੇ ਮੈਂ ਹੌਲੀ ਹੌਲੀ ਚੌਂਕੜਾ ਮਾਰਨ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਟਾਈਮ ਨੋਟ ਕਰਦਾ ਰਿਹਾ ਕਿ ਅੱਜ ਕਿੰਨੇ ਮਿੰਟ ਬੈਠ ਕੇ ਪਾਠ ਕੀਤਾ ਫਿਰ ਘੰਟੇ ਤੇ ਮਿੱਥੇ ਸਮੇਂ ਅਨੁਸਾਰ ਉਹ ਦਿਨ ਆ ਗਿਆ ਜਦੋਂ ਚੌਂਕੜਾ ਮਾਰ ਕੇ ਸੰਪੂਰਨ ਪਾਠ ਅਰੰਭ ਕਰਨਾ ਸੀ। ਉਨ੍ਹਾਂ ਕਿਹਾ ਕਿ ਪਾਠ ਅਰੰਭ ਕਰਨ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਅੱਗੇ ਬੇਨਤੀ ਤੇ ਅਰਦਾਸ ਕੀਤੀ ਕਿ ਜੋ ਵੀ ਪਾਠ ਦੀ ਸੇਵਾ ਲੈਣੀ ਹੈ ਤੁਸੀਂ ਲੈਂਣੀ ਹੈ,
ਦਾਸ ਦੇ ਸੀਸ ’ਤੇ ਹੱਥ ਰੱਖ ਕੇ ਤੁਸੀਂ ਹੀ ਕਾਜ ਪੂਰਾ ਕਰਵਾਉਣਾ ਹੈ ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਕੀਤੀ ਦਾਸ ਤਾਂ ਕੁੱਝ ਕਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਤੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਨੂੰ ਬੜਾ ਮਾਨ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ 40-50 ਭੁਝੰਗੀ ਹਨ ਜਿਨ੍ਹਾਂ ਨੂੰ ਦਾਸ ਵਲੋਂ ਗੁਰਬਾਣੀ ਦੀ ਸਿਖਿਆ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਦਰਬਾਰ ਸਾਹਿਬ ਡਿਊਟੀ ਕਰਦਾ ਹਾਂ ਸਚਖੰਡ ਹਜ਼ੂਰ ਸਾਹਿਬ ’ਚ ਤੇ ਉਥੋਂ ਦਾਸ ਨੂੰ ਜੋ ਤਨਖ਼ਾਹ ਦਿਤੀ ਜਾਂਦੀ ਹੈ।
ਉਸ ਵਿਚੋਂ ਦਾਸ ਦਸਵੰਧ ਕੱਢ ਕੇ ਗ਼ਰੀਬ ਬੱਚਿਆਂ ਦੀ ਮਦਦ ਕਰਦਾ ਹੈ ਤੇ ਬਾਕੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਚਲਾਉਂਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ, ਨੌਜਵਾਨ ਨਸ਼ਿਆਂ ਵਿਚ ਗਲਤਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਵਿਚ ਫਸ ਗਏ ਹਨ ਉਨ੍ਹਾਂ ਨੂੰ ਕੱਢਣਾ ਤਾਂ ਮੁਸ਼ਕਲ ਹੈ ਪਰ ਦਾਸ ਚਾਹੁੰਦਾ ਹੈ ਕਿ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਤੇ ਗੁਰੂ ਤੇ ਗੁਰੂ ਦੀ ਬਾਣੀ ਨਾਲ ਜੁੜੇ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਂਭ ਸਕੀਏ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਤੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀ ਕਮੇਟੀਆਂ ਜਾਂ ਫਿਰ ਅਸੀਂ ਸਭ ਮਿਲ ਕੇ ਇਕ ਅਜਿਹਾ ਵਿਦਿਆ ਘਰ ਬਣਾਈਏ ਜਿਸ ਵਿਚ ਸਾਡੇ ਬੱਚੇ ਗੁਰਬਾਣੀ ਦੀ ਸਿਖਿਆ ਪ੍ਰਾਪਤ ਕਰ ਸਕਣ ਤੇ ਉਨ੍ਹਾਂ ਦੀਆਂ ਰਹਿਣ ਸਹਿਣ ਦੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀ ਜਾਣ। ਉਨ੍ਹਾਂ ਕਿਹਾ ਕਿ ਜੇ ਸੰਗਤ ਸਹਿਯੋਗ ਦੇਵੇ ਤਾਂ ਸਭ ਕਾਜ ਪੂਰੇ ਹੁੰਦੇ ਹਨ।