
ਪੰਜਾਬ ਵਿਚ ਪਟਰੋਲ, ਡੀਜ਼ਲ 'ਤੇ ਟੈਕਸ ਘਟਾਉਣ ਦੀ ਵਕਾਲਤ
ਸ੍ਰੀ ਕੀਰਤਪੁਰ ਸਾਹਿਬ : ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪਾਸੇ ਕੀਤੇ ਗਏ ਬਜਟ ਨੂੰ ਜਿੱਥੇ ਸੱਤਾਧਾਰੀ ਧਿਰ ਬਹੁਤ ਵਧੀਆ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਬਜਟ ਵਿਚ ਕਮੀਆਂ ਗਿਣਾਈਆਂ ਜਾ ਰਹੀਆਂ ਹਨ। ਖਾਸ ਕਰ ਕੇ ਬਜਟ ਲਈ ਰੱਖੀ ਗਈ ਰਾਖਵੀ ਰਕਮ 'ਤੇ ਉਂਗਲ ਉਠਾਈ ਜਾ ਰਹੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵਿੱਤ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕੋਰਾ ਝੂਠ ਅਤੇ ਸ਼ਬਦਾਂ ਦੇ ਹੇਰ-ਫੇਰ ਤਹਿਤ ਪੇਸ਼ ਕੀਤੀ ਕਹਾਣੀ ਦੱਸਿਆ ਹੈ।
Parminder Singh Dhindsa
ਪਰਮਿੰਦਰ ਸਿੰਘ ਢੀਂਡਸਾ ਮੁਤਾਬਕ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਵੀ ਅਜਿਹਾ ਹੀ ਕੀਤਾ ਗਿਆ ਸੀ। ਇਸ ਦਾ ਹੀ ਨਤੀਜਾ ਹੈ ਕਿ ਆਉਣ ਵਾਲੀਆਂ ਨਵੀਆਂ ਸਕੀਮਾਂ ਨਹੀਂ ਆ ਸਕੀਆਂ। ਉਨ੍ਹਾਂ ਕਿਹਾ ਕਿ ਹੁਣ ਵੀ ਇਨ੍ਹਾਂ ਵੱਲੋਂ 27/28 ਫੀਸਦੀ ਵਾਧਾ ਦਿਖਾ ਕੇ ਬਜਟ ਪੇਸ਼ ਕੀਤਾ ਗਿਆ ਹੈ ਜੋ ਆਉਣ ਵਾਲੀਆਂ ਨਵੀਆਂ ਸਕੀਮਾਂ ਲਈ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇੰਨਾ ਪੈਸਾ ਸਰਕਾਰ ਪਾਸ ਆਉਣਾ ਹੀ ਨਹੀਂ ਹੈ ਤਾਂ ਇਹ ਸਕੀਮਾਂ ਸਿਰੇ ਕਿਵੇਂ ਚੜਣਗੀਆਂ।
Parminder Dhindsa
ਉਨ੍ਹਾਂ ਕਿਹਾ ਕਿ ਜਿੰਨੀ ਤੇਜ਼ੀ ਨਾਲ ਕਰਜ਼ਾ ਪਿਛਲੇ ਪੰਜ ਸਾਲਾਂ ਵਿਚ ਪੰਜਾਬ 'ਤੇ ਵਧਿਆ ਹੈ, ਉਨਾ ਪਹਿਲਾਂ ਕਦੇ ਨਹੀਂ ਸੀ ਵਧਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿਕਾਸ ਦਰ ਵਿਚ ਵੀ ਪਿਛਲੇ ਚਾਰ ਸਾਲਾਂ ਵਿਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਭਾਵੇਂ ਦਾਅਵੇ ਜੋ ਮਰਜ਼ੀ ਕਹੀ ਜਾਵੇ ਪਰ ਆਉਣ ਵਾਲਾ ਸਮਾਂ ਸੂਬੇ ਲਈ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵੀਹ ਹਜ਼ਾਰ ਕਰੋੜ ਰੁਪਏ ਤਾਂ ਕਰਜ਼ੇ ਦੇ ਵਿਆਜ਼ ਦੇ ਰੂਪ ਵਿਚ ਪੈਂਦੇ ਹਨ ਜੋ ਆਉਣ ਵਾਲੇ ਸਮੇਂ ਵਿਚ ਹੋਰ ਵਧੇਗਾ।
Parminder Singh Dhindsa
ਡੀਜ਼ਲ-ਪੈਟਰੋਲ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੇ ਵਧੇ ਰੇਟਾਂ ਸਬੰਧੀ ਸੋਚਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਇਲਾਕਿਆਂ ਵਿਚ ਪੰਜਾਬ ਦੇ ਪੈਟਰੋਲ ਪੰਪਾਂ ਦੀ ਸੇਲ ਬਹੁਤ ਘੱਟ ਚੁੱਕੀ ਹੈ ਅਤੇ ਲੋਕ ਹਿਮਾਚਲ ਹਰਿਆਣੇ ਤੋਂ ਡੀਜ਼ਲ-ਪੈਟਰੋਲ ਬਲੈਕ ਕਰ ਰਹੇ ਹਨ। ਇਸ ਲਈ ਸੂਬਾ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ 'ਤੇ ਵਧਾਏ ਟੈਕਸਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਰਕਾਰ ਨੂੰ ਨੁਕਸਾਨ ਦੀ ਬਜਾਇ ਫਾਇਦਾ ਵਧੇਰੇ ਹੋਵੇਗਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਡੀਜ਼ਲ ਅਤੇ ਪੈਟਰੋਲ ਦੇ ਰੇਟ ਘਟਣ ਨਾਲ ਸੂਬੇ ਅੰਦਰ ਡੀਜ਼ਲ ਪੈਟਰੋਲ ਦੀ ਸੇਲ ਵਧੇਗੀ।
Parminder Singh Dhinsa
ਕਿਸਾਨੀ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਜੱਗ-ਜ਼ਾਹਿਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਲੋਕ ਵੀ ਇਹ ਸੋਚ ਰਹੇ ਹਨ ਕਿ ਹੁਣ ਇਸ ਸਰਕਾਰ ਨੂੰ ਚੱਲਦਾ ਕਰੀਏ ਜਿਸ ਲਈ ਇਕੱਲੇ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਸੰਘਰਸ਼ ਦੇ ਨਾਲ ਖੜੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਨਾਲ ਖੜੇ ਰਹਾਂਗੇ