
ਕਿਹਾ, ਸੁੂਬਿਆਂ ਦੇ ਅਧਿਕਾਰ ਖੇਤਰ ’ਚ ਕੇਂਦਰ ਦੀ ਘੁਸਪੈਠ ਰੋਕ ਸਕਦਾ ਸੀ ਆਨੰਦਪੁਰ ਸਾਹਿਬ ਦਾ ਮਤਾ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ’ਚ ਹੁਣ ਤਕ ਪੌਣੇ 2 ਸੌ ਤੋਂ ਵਧੇਰੇ ਕਿਸਾਨ ਜਾਨ ਗੁਆ ਚੁੱਕੇ ਹਨ। ਢਾਈ ਮਹੀਨੇ ਤੋਂ ਕਿਸਾਨਾਂ ਦੇ ਸੜਕਾਂ ’ਤੇ ਡਟੇ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਕ ਚੁਣੀ ਹੋਈ ਸਰਕਾਰ ਇਸ ਹੱਦ ਤਕ ਲੋਕ-ਆਵਾਜ਼ ਨੂੰ ਅਣਗੌਲਿਆ ਕਰ ਸਕਦੀ ਹੈ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। ਪਰ ਪੰਜਾਬ ਨਾਲ ਸਬੰਧਤ ਕੁੱਝ ਸਿੱਖ ਆਗੂਆਂ ਨੂੰ ਇਸ ਦਾ ਅੰਦਾਜ਼ਾ ਆਜ਼ਾਦੀ ਤੋਂ ਤੁਰੰਤ ਬਾਅਦ ਹੀ ਹੋਣਾ ਸ਼ੁਰੂ ਹੋ ਗਿਆ ਸੀ। ਆਨੰਦਪੁਰ ਸਾਹਿਬ ਦਾ ਮਤਾ, ਇਸ ਦੂਰ-ਦਿ੍ਰਸ਼ਟੀ ਸੋਚ ਦਾ ਪ੍ਰਤੱਖ ਸਬੂਤ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਕੁੱਝ ਆਗੂਆਂ ਨੂੰ ਅਪਣੇ ਪਾਸੇ ਕਰ ਕੇ ਚਲਾਕੀ ਨਾਲ ਲਾਗੂ ਨਹੀਂ ਹੋਣ ਦਿਤਾ।
Parminder Singh Dhindsa
ਜਿਹੜੇ ਲੋਕ ਉਸ ਵਕਤ ਇਸ ਨੂੰ ਸਿਰਫ਼ ਸਿੱਖਾਂ ਦਾ ਹੀ ਮਸਲਾ ਦੱਸ ਰਹੇ ਹਨ, ਅੱਜ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਸਮੇਂ ਦੀ ਸਰਕਾਰ ਨਾਲ ਲੋਹਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਰ ਜੇਕਰ ਉਨ੍ਹਾਂ ਦੇ ਪੁਰਵਜ਼ਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ’ਚ ਯੋਗਦਾਨ ਪਾਇਆ ਹੁੰਦਾ ਤਾਂ ਸ਼ਾਇਦ ਅੱਜ ਜਿਹੜੇ ਕਿਸਾਨਾਂ ਨੂੰ ਕੇਂਦਰ ਦੇ ਬਣਾਏ ਕਾਨੂੰਨਾਂ ਖਿਲਾਫ਼ ਅੰਦੋਲਨ ਕਰਨਾ ਪੈ ਰਿਹਾ ਹੈ, ਅਜਿਹੀ ਨੌਬਤ ਨਾ ਹੀ ਆਉਂਦੀ। ਇਸ ਇਤਿਹਾਸਕ ਭੁੱਲ ਨੂੰ ਯਾਦ ਕਰਦਿਆਂ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਹਨ ਕਿ ਜੇਕਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਲੋਂ ਰੱਖਿਆ ਗਿਆ ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਮੰਨਵਾ ਲਿਆ ਜਾਂਦਾ ਤਾਂ ਕੇਂਦਰ ਦੀ ਮਜਾਲ ਨਹੀਂ ਹੋਣੀ ਸੀ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਕੋਈ ਕਾਨੂੰਨ ਬਣਾ ਸਕਦਾ ਸੀ, ਨਾ ਹੀ ਇਹ ਦਿਨ ਦੇਖਣੇ ਪੈਂਦੇ, ਜੋ ਅੱਜ ਦੇਖ ਰਹੇ ਹਾਂ।
S. Parminder Singh Dhindsa
ਸ਼੍ਰੋਮਣੀ ਅਕਾਲੀ ਦਲ ਡੈਮੋਕੇਟਿ੍ਰਕ ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ ਤੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਜੇਕਰ ਇਹ ਮਤਾ ਮੰਨਵਾ ਲਿਆ ਜਾਂਦਾ ਤਾਂ ਨਾ ਪੰਜਾਬ ਨੂੰ 80 ਦਹਾਕੇ ਦੌਰਾਨ ਹੰਢਾਏ ਕਾਲੇ ਦੌਰ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਨਾ ਹੀ ਪੰਜਾਬ ਨਾਲ ਹੋਏ ਅਤੇ ਹੋ ਰਹੇ ਵਿਤਕਰੇ ਨੂੰ ਸਹਿਣਾ ਪੈਂਦਾ। ਇੱਥੋਂ ਤਕ ਕਿ ਜਿਹੜੀ ਹਾਲਤ ਇਸ ਸਮੇਂ ਪੰਜਾਬ ਦੀ ਬਣੀ ਹੋਈ ਹੈ, ਉਸ ਤੋਂ ਵੀ ਬਚਿਆ ਜਾ ਸਕਦਾ ਹੈ। ਕੇਂਦਰ ਸਰਕਾਰ ਵਲੋਂ ਕਿਸਾਨਾਂ ’ਤੇ ਖੇਤੀ ਕਾਨੂੰਨ ਧੱਕੇ ਨਾਲ ਥੋਪਣ ਤੋਂ ਇਲਾਵਾ ਸੂਬਿਆਂ ਦੇ ਅਧਿਕਾਰਾਂ ਨੂੰ ਅਣਗੌਲਿਆ ਕਰਨ ਵਰਗੇ ਕਦਮਾਂ ਨੂੰ ਵੀ ਠੱਲ੍ਹ ਪੈ ਜਾਣੀ ਸੀ।
Parminder Singh Dhindsa
ਉਕਤ ਆਗੂਆਂ ਮੁਤਾਬਕ ਉਸ ਵੇਲੇ ਜਥੇਦਾਰ ਤਲਵੰਡੀ ਦੇ ਸਾਥੀ ਕੇਂਦਰ ਦੇ ਲਾਲਚ ਵਿਚ ਆ ਕੇ ਸਾਥ ਛੱਡ ਗਏ ਅਤੇ ਕੌਮ ਦਾ ਭਵਿੱਖ ਮਿੱਟੀ ਵਿਚ ਰੋਲ ਗਏ। ਅਕਾਲੀ ਦਲ ਦੇ ਆਗੂੁਆਂ ਨੇ ਧੋਖੇ ਨਾਲ ਇਹ ਮੋਰਚਾ ਚੁੱਕਵਾ ਦਿੱਤਾ ਅਤੇ ਜਥੇਦਾਰ ਤਲਵੰਡੀ ਨਾਲ ਅਕਾਲੀ ਦਲ ਦਾ ਕੋਈ ਵੀ ਲੀਡਰ ਨਹੀਂ ਖੜ੍ਹਿਆ। ਰਣਜੀਤ ਸਿੰਘ ਤਲੰਵਡੀ ਨੇ ਦੱਸਿਆ ਕਿ ਹੁਣ ਵੀ ਇਹ ਰਾਜਸੀ ਪਾਰਟੀਆਂ ਕਹਿਣ ਨੂੰ ਕਿਸਾਨਾਂ ਦੇ ਨਾਲ ਹਨ ਪਰ ਸਭ ਨੂੰ ਪਤਾ ਹੈ ਕਿ ਜਦੋਂ ਤਕ ਆਰਡੀਨੈਂਸ ਕਾਨੂੰਨ ਨਹੀਂ ਬਣ ਗਏ, ਇਹ ਲੋਕ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸਦੇ ਰਹੇ ਹਨ।
Parminder Singh Dhindsa
ਕਾਬਲੇਗੌਰ ਹੈ ਕਿ ਅਨੰਦਪੁਰ ਸਾਹਿਬ ਦਾ ਮਤਾ ਸਿਰਦਾਰ ਕਪੂਰ ਸਿੰਘ ਵਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 ’ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਅਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜਜ਼ੀਰਾਂ ਤੋੜ ਕੇ ਖ਼ਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ। ਇਸ ਤੋਂ ਇਲਾਵਾ ਇਹ ਸੂਬਿਆਂ ਦੇ ਅਧਿਕਾਰ-ਖੇਤਰ ਨੂੰ ਵੀ ਮਜ਼ਬੂਤੀ ਦਿੰਦਾ ਸੀ ਜੋ ਦੇਸ਼ ਦੇ ਫ਼ੈਂਡਰਲ ਢਾਚੇ ਦੀ ਬਿਤਹਰੀ ਲਈ ਜ਼ਰੂਰੀ ਸੀ।