
ਵਿਧਾਨ ਸਭਾ ਵਿਚ ਵੇਖਣ ਨੂੰ ਮਿਲਿਆ ਸਿਆਸਤਦਾਨਾਂ ਦਾ ਏਕਾ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਕਿਸਾਨਾਂ ਦੇ ਹੱਕ ਵਿਚ ਖਲੋਣ ਵਾਲੇ ਕੁੱਝ ਆਗੂਆਂ ਖਿਲਾਫ ਕੇਂਦਰੀ ਜਾਂਚ ਏਜੰਸੀ ਇਨਪੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਜਾਰੀ ਹਨ। ਭਾਵੇਂ ਕੇਂਦਰ ਸਰਕਾਰ ਇਨ੍ਹਾਂ ਛਾਪਿਆਂ ਨੂੰ ਰੋਟੀਨ ਦੀ ਕਾਰਵਾਈ ਦੱਸ ਰਹੀ ਹੈ, ਪਰ ਇਸ ਦੇ ਸਮੇਂ ਅਤੇ ਨਿਸ਼ਾਨੇ ਨੂੰ ਲੈ ਕੇ ਸਵਾਲ ਉਠਦੇ ਰਹੇ ਹਨ। ਹੁਣ ਈਡੀ ਵੱਲੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਆਪ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਗਈ ਹੈ। ਇਸ ਨੂੰ ਲੈ ਕੇ ਪੰਜਾਬ ਦੇ ਸਮੂਹ ਵਿਧਾਇਕਾਂ ਨੇ ਇਕਜੁਟ ਹੋ ਕੇ ਆਵਾਜ਼ ਉਠਾਉਂਦਿਆਂ ਇਸ ਨੂੰ ਪੱਖਪਾਤੀ ਕਾਰਵਾਈ ਕਰਾਰ ਦਿੱਤਾ ਹੈ।
Sukhpal Khaira
ਮੰਗਲਵਾਰ ਨੂੰ ਇਸ ਮੁੱਦੇ 'ਤੇ ਵਿਧਾਨ ਸਭਾ ਵਿਚ ਇਕਮੱਤ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਕੰਵਰ ਸੰਧੂ ਤੋਂ ਇਲਾਵਾ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨਾ ਆਵਾਜ਼ ਬੁਲੰਦ ਕੀਤੀ। ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਈਡੀ ਤੋਂ ਇਹ ਛਾਪਾ ਮਰਵਾਇਆ ਹੈ।
Parminder Singh Dhindsa
ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੇ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਦਾ ਮਾਮਲਾ ਚੁੱਕਿਆ ਤੇ ਯੂਏਪੀਏ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਵੀ ਕਰਦੇ ਰਹੇ ਹਨ। ਖਹਿਰਾ ਦੀ ਆਵਾਜ਼ ਦਬਾਉਣ ਲਈ ਈਡੀ ਤੋਂ ਇਹ ਛਾਪੇ ਮਰਵਾਏ ਗਏ ਹਨ, ਜਿਸ ਦੀ ਸਦਨ ਵੱਲੋਂ ਨਿੰਦਾ ਕੀਤੀ ਜਾਣੀ ਬਣਦੀ ਹੈ।
ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਚੰਨੀ ਨੇ ਢੀਂਡਸਾ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਈਡੀ ਦੀਆਂ ਕਾਰਵਾਈਆਂ ’ਤੇ ਰੋਕ ਲਾਉਣੀ ਚਾਹੀਦੀ ਹੈ ਤੇ ਸੀਬੀਆਈ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਈਡੀ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਭਾਜਪਾ ਵਿਚ ਮਿਲਾਉਣ ਲਈ ਇਹ ਛਾਪੇ ਮਾਰੇ ਗਏ ਹਨ। ਕੇਂਦਰ ਸਰਕਾਰ ਦਾ ਇਹ ਪੰਜਾਬੀਆਂ ਦੀ ਅਣਖ ’ਤੇ ਹਮਲਾ ਹੈ।
Charanjit Singh Chani
ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਖਹਿਰਾ ਨੇ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਈ ਸੀ, ਜਿਸ ਬਦਲੇ ਅਜਿਹੀ ਕਾਰਵਾਈ ਕੀਤੀ ਗਈ ਹੈ। ਵਿਧਾਇਕ ਸੰਧੂ ਨੇ ਮੰਗ ਕੀਤੀ ਕਿ ਅਜਿਹਾ ਮਤਾ ਲਿਆਉਣਾ ਚਾਹੀਦਾ ਹੈ ਕਿ ਈਡੀ ਭਵਿੱਖ ਵਿੱਚ ਬਿਨਾਂ ਪ੍ਰਵਾਨਗੀ ਤੋਂ ਕਿਸੇ ਵਿਧਾਇਕ ਦੇ ਘਰ ’ਤੇ ਛਾਪੇ ਨਾ ਮਾਰ ਸਕੇ।
Sharanjit Singh Dhillon
ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਖਹਿਰਾ ਖ਼ਿਲਾਫ਼ ਹੋਈ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਵਿਧਾਇਕ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਸ ਉਪਰ ਇਸ ਤਰ੍ਹਾਂ ਦੀ ਗੈਰ-ਕਨੂੰਨੀ ਛਾਪੇ ਨਹੀਂ ਮਾਰੇ ਜਾਣੇ ਚਾਹੀਦੇ। ਦੂਜੇ ਪਾਸੇ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।