
ਪੁਲਿਸ ਵਲੋਂ ਮੁਲਜ਼ਮ ਗ੍ਰਿਫ਼ਤਾਰ
Punjab News: ਕੈਨੇਡਾ ਦੇ ਫ਼ੋਨ ਨੰਬਰ ਤੋਂ ਫਰੀਦਕੋਟ ਸ਼ਹਿਰ ਸਥਿਤ ਮੈਡੀਕਲ ਦੁਕਾਨਦਾਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਮੁਲਜ਼ਮ ਨੇ ਵਟ੍ਹਸਐਪ ’ਤੇ ਵਿਅਕਤੀ ਨੂੰ 6 ਲੱਖ ਦੀ ਫਿਰੌਤੀ ਨਾ ਦੇਣ ’ਤੇ ਉਸ ਦੀ ਧੀ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦਿਤੀ ਸੀ।
ਪੀੜਤ ਦੀ ਸ਼ਿਕਾਇਤ 'ਤੇ ਫ਼ਰੀਦਕੋਟ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਨੇ ਇਕ ਮੋਬਾਈਲ ਐਪ ਤੋਂ ਇਕ ਨੰਬਰ 200 ਰੁਪਏ ਵਿਚ ਖਰੀਦਿਆ ਸੀ, ਜੋ ਕਿ ਵਿਦੇਸ਼ ਨਾਲ ਜੁੜਿਆ ਹੋਇਆ ਸੀ ਅਤੇ ਇਸ ਮੋਬਾਈਲ ਨੰਬਰ ਤੋਂ ਮੁਲਜ਼ਮ ਪੀੜਤ ਨੂੰ ਧਮਕੀਆਂ ਦੇ ਰਿਹਾ ਸੀ।
ਮੁਲਜ਼ਮ ਨੇ ਫੋਨ ਕਰ ਕੇ ਕਹਿ ਰਿਹਾ ਸੀ ਕਿ ਜੇਕਰ ਉਸ ਨੇ ਉਸ ਨੂੰ 6 ਲੱਖ ਰੁਪਏ ਨਾ ਦਿਤੇ ਤਾਂ ਉਹ ਉਸ ਦੀ ਬੇਟੀ ਦੀ ਅਸ਼ਲੀਲ ਫੋਟੋ ਵਾਇਰਲ ਕਰ ਦੇਵੇਗਾ। ਘਟਨਾ ਦੀ ਜਾਣਕਾਰੀ ਪੀੜਤ ਨੇ ਪੁਲਿਸ ਅਧਿਕਾਰੀਆਂ ਨੂੰ ਦਿਤੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਫ਼ਰੀਦਕੋਟ ਸਿਟੀ ਥਾਣੇ ਦੇ ਏਐਸਆਈਅਕਲਪ੍ਰੀਤ ਸਿੰਘ ਨੇ ਦਸਿਆ ਕਿ ਜਦੋਂ ਪੀੜਤ ਦੇ ਵਟਸਐਪ ਨੰਬਰ 'ਤੇ ਆਈ ਕਾਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਮੋਬਾਈਲ ਨੰਬਰ ਐਪ ਰਾਹੀਂ ਪ੍ਰਾਪਤ ਕੀਤਾ ਗਿਆ ਸੀ। ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
(For more Punjabi news apart from 6 lakh ransom demanded in faridkot, stay tuned to Rozana Spokesman)