
Barnala Bulldozer news: ਦੋਹਾਂ ਤਸਕਰਾਂ ਦੇ ਖ਼ਿਲਾਫ਼ NDPS ਐਕਟ ਤਹਿਤ 16 FIR ਦਰਜ
Barnala Bulldozer news in punjabi: ਪੰਜਾਬ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਐਕਸ਼ਨ ਮੋਡ ਵਿੱਚ ਹੈ। ਇਸੇ ਲੜੀ ਤਹਿਤ ਅੱਜ ਬਰਨਾਲਾ ਵਿਖੇ ਇੱਕ ਨਸ਼ਾ ਤਸਕਰ ਦੀ ਜਾਇਦਾਦ 'ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਨਸ਼ਾ ਤਸਕਰ ਦੀ ਇਮਾਰਤ ਨੂੰ ਢਾਹਿਆ ਗਿਆ। ਇਹ ਇਮਾਰਤ ਲਗਭਗ ਦੋ ਮੰਜ਼ਿਲਾਂ ਬਣਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਾਇਦਾਦ 2 ਮਹਿਲਾ ਤਸਕਰਾਂ ਦੀ ਸੀ, ਜਿਸ ਨੂੰ ਉਨ੍ਹਾਂ ਨੇ ਡਰੱਗ ਮਨੀ ਦੇ ਨਾਲ ਨਾਜਾਇਜ਼ ਤੌਰ 'ਤੇ ਬਣਾਇਆ ਸੀ। ਇਨ੍ਹਾਂ ਦੋਹਾਂ ਤਸਕਰਾਂ ਦੇ ਖ਼ਿਲਾਫ਼ NDPS ਐਕਟ ਤਹਿਤ 16 ਮਾਮਲੇ ਦਰਜ ਹਨ।
ਜਲਦੀ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੀਡੀਆ ਨਾਲ ਗੱਲਬਾਤ ਕਰਨਗੇ। ਹਾਲਾਂਕਿ ਇਹ ਇਮਾਰਤ ਖਾਲੀ ਸੀ। ਇਸੇ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਅੱਜ ਰੂਪਨਗਰ (ਰੋਪੜ) ਦਾ ਦੌਰਾ ਕਰਨਗੇ। ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ 'ਤੇ ਨਿਗਰਾਨੀ ਰੱਖਣ ਲਈ ਬਣਾਈ ਗਈ ਉੱਚ ਤਾਕਤੀ ਕਮੇਟੀ ਦੇ ਮੈਂਬਰ ਵਜੋਂ ਉਹ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕਰਨਗੇ ਅਤੇ ਜ਼ਿਲ੍ਹੇ 'ਚ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣਗੇ |
ਉਧਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ’ਤੇ ਉਠਾਏ ਜਾ ਰਹੇ ਸਵਾਲਾਂ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਆਉਣ ਵਾਲੇ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਲਈ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ-ਭਾਜਪਾ ਗਠਜੋੜ) ਅਤੇ ਕਾਂਗਰਸ ਸਰਕਾਰ ਜ਼ਿੰਮੇਵਾਰ ਹਨ। 2007 ਤੋਂ ਪਹਿਲਾਂ ਪੰਜਾਬ ਨੇ 'ਚਿੱਟਾ' ਵਰਗੇ ਹੈਰੋਇਨ ਜਾਂ ਸਿੰਥੈਟਿਕ ਡਰੱਗ ਬਾਰੇ ਕਦੇ ਨਹੀਂ ਸੁਣਿਆ ਸੀ।
ਅਕਾਲੀ-ਭਾਜਪਾ ਦੇ ਰਾਜ ਦੌਰਾਨ ਇਹ ਨਸ਼ੇ ਪੰਜਾਬ ਵਿਚ ਦਾਖ਼ਲ ਹੋਏ ਅਤੇ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੱਤਾ।