
ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਚਾਰੇ ਪਾਸਿਓਂ ਭਰਵਾਂ ਹੁੰਗਾਰਾ...
ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਇਸ ਦੀ ਲੋਕ ਸਭਾ ਹਲਕਾ ਉਮੀਦਵਾਰ ਭਗਵੰਤ ਮਾਨ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਆਪ ਉਮੀਦਵਾਰ ਦੇ ਨੇੜਲੇ ਸਾਥੀ ਤੇ ਸੰਗਰੂਰ ਲੋਕ ਸਭਾ ਤੋਂ ਪ੍ਰਧਾਨ ਤੇ ਸੋਸ਼ਲ ਮੀਡੀਆ ਇੰਚਾਰਜ ਅਵਜਿੰਦਰ ਸੰਘਾ ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਕੇਵਲ ਸਿੰਘ ਢਿਲੋਂ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ। ਰੇਤਗੜ੍ਹ ਪਿੰਡ ਵਿਖੇ ਇਕ ਸਮਾਗਮ ਦੋਰਾਨ ਅਵਜਿੰਦਰ ਸੰਘਾ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ। Avjinder Sangha join congress party
ਇਸ ਮੌਕੇ ਉੱਪਰ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਲੋਕਾਂ ਦਾ ਆਪ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕ ਆਪ ਨੂੰ ਇਸ ਲਈ ਛੱਡ ਰਹੇ ਸਨ, ਕਿਉਂਕਿ ਇਹ ਆਪਣੀ ਵਿਚਾਰਧਾਰਾ ਤੋਂ ਦੂਰ ਹੋ ਗਈ ਸੀ ਪਰ ਹੁਣ ਤਾਂ ਆਪ ਉਮੀਦਵਾਰਾਂ ਦੇ ਨੇੜਲੇ ਰਿਸ਼ਤੇਦਾਰ ਵੀ ਇਸ ਪਾਰਟੀ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਅਵਜਿੰਦਰ ਸੰਘਾ ਦੇ ਜਾਣ ਨਾਲ ਆਪ ਦੀ ਚੋਣ ਮੁਹਿੰਮ ਨੂੰ ਵੱਡਾ ਧੱਕਾ ਲੱਗਿਆ ਹੈ ਤੇ ਉਸ ਦੇ ਜਾਣ ਨਾਲ ਆਪ ਸੰਗਰੂਰ ਵਿਚ ਪੂਰੀ ਤਰ੍ਹਾਂ ਚੋਣ ਮੁਕਾਬਲੇ 'ਚੋਂ ਬਾਹਰ ਹੋ ਗਈ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੋਕ ਭਲਾਈ ਨੀਤਿਆਂ ਤੋਂ ਪ੍ਰਭਾਵਿਤ ਹੋਕੇ ਵੱਡੇ ਪੱਧਰ ਤੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਉੱਪਰ ਬੋਲਦਿਆਂ ਅਵਜਿੰਦਰ ਸੰਘਾ ਨੇ ਕਿਹਾ ਕਿ ਉਹ ਆਪ ਤੋਂ ਪੂਰੀ ਨਿਰਾਸ਼ ਹੋ ਗਏ ਸਨ, ਕਿਉਂਕਿ ਇਹ ਕਹਿੰਦੀ ਕੁੱਝ ਹੋਰ ਸੀ ਅਤੇ ਕਰਦੀ ਬਿਲਕੁੱਲ ਹੀ ਕੁੱਝ ਹੋਰ ਸੀ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ। ਉਹਨਾਂ ਕਿਹਾ ਕਿ ਮੈਨੂੰ ਬਾਕੀ ਹਜ਼ਾਰਾਂ ਵਲੰਟੀਅਰਾਂ ਵਾਂਗ ਪਾਰਟੀ ਵੱਲੋਂ ਗੁੰਮਰਾਹ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ 19 ਮਈ ਨੂੰ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ।