
ਪਹਿਲੀ ਵਾਰ ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ ਪ੍ਰਾਈਵੇਟ ਸਕੂਲਾਂ ਨਾਲੋਂ ਰਹੀ ਵਧੀਆ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਇਮਤਿਹਾਨ ਵਿੱਚ ਅੱਜ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਇਹ ਨਤੀਜਾ ਕੱਲ ਐਲਾਨਿਆ ਗਿਆ ਸੀ। ਪਹਿਲੀ ਵਾਰੀ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਰਹੀ ਹੈ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 88.21 ਫੀਸਦੀ ਅਤੇ ਪ੍ਰਾਈਵੇਟ ਸਕੂਲਾਂ ਦੀ 85 ਫੀਸਦੀ ਰਹੀ ਹੈ।
P.S.E.B.
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 30 ਫੀਸਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਖ਼ਤ ਮਿਹਨਤ ਅਤੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਕਮੇਟੀ ਦੇ ਸਮਰਪਨ ਦਾ ਨਤੀਜਾ ਹੈ ਜੋ ਕਿ ਪਿਛਲੇ ਸਾਲ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਸਥਾਪਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਪਾਸ ਪ੍ਰਤੀਸ਼ਤ 58.14 ਫੀਸਦੀ ਅਤੇ 2017 ਵਿੱਚ 52.80 ਫੀਸਦੀ ਸੀ।
ਇਸ ਕਮੇਟੀ ਨੇ ਸੁਧਾਰਾਂ ਦੇ ਸੁਝਾਅ ਦਿੱਤੇ ਸਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵਿਸਤ੍ਰਤ ਪੇਸ਼ਕਾਰੀ ਕੀਤੀ ਸੀ। ਸੁਝਾਵਾਂ 'ਤੇ ਵਿਸਤ੍ਰਤ ਵਿਚਾਰ ਵਟਾਂਦਰੇ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੂੰ ਇਹ ਸੁਝਾਅ ਲਾਗੂ ਕਰਨ ਲਈ ਆਖਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਅਧਿਆਪਨ ਸਹੂਲਤਾਂ ਨਾਲ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਆਇਆ ਹੈ।
Students
ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਵਿੱਚ ਲਿਆਉਣ ਲਈ ਉਨ੍ਹਾਂ ਦੇ ਪੱਧਰ ਵਿੱਚ ਵਾਧਾ ਕਰਨ ਵਾਸਤੇ ਆਪਣੀ ਵਚਨਬੱਧਤਾ ਦੁਹਰਾਈ ਹੈ। ਦਿਲਚਸਪ ਗੱਲ ਇਹ ਹੈ ਕਿ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਨੇ ਇਸ ਵਾਰ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ।
ਪਠਾਨਕੋਟ ਦੀ ਪਾਸ ਪ੍ਰਤੀਸ਼ਤ ਪਿਛਲੇ ਸਾਲ ਦੇ 52.33 ਫੀਸਦੀ ਦੇ ਮੁਕਾਬਲੇ 91.20 ਫੀਸਦੀ ਰਹੀ ਹੈ ਜਦਕਿ ਗੁਰਦਾਸਪੁਰ ਦੀ ਪਿਛਲੇ ਸਾਲ ਦੇ 59.96 ਦੇ ਮੁਕਾਬਲੇ 88.94 ਅਤੇ ਅੰਮ੍ਰਿਤਸਰ ਦੀ 54.86 ਦੇ ਮੁਕਾਬਲੇ 88.52 ਫੀਸਦੀ ਰਹੀ ਹੈ।