
ਅਕਾਲੀ ਖੇਡ ਰਹੇ ਨੇ ਬਹੁਤ ਨੀਵੇਂ ਪੱਧਰ ਦੀ ਸਿਆਸਤ
ਚੰਡੀਗੜ੍ਹ: ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਵਲੋਂ ਉਮੀਦਵਾਰ ਮੈਡਮ ਪਰਨੀਤ ਕੌਰ ਨੇ ‘ਸਪੋਕਸਮੈਨ ਟੀਵੀ’ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਤੇ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਅਪਣੀ ਸਰਕਾਰ ਵਲੋਂ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਖ਼ਾਸ ਇੰਟਰਵਿਊ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।
ਸਵਾਲ: ਇਕ ਮਹਾਰਾਣੀ ਵਾਲਾ ਰੁਤਬਾ ਤੇ ਐਸ਼-ਆਰਾਮ ਨੂੰ ਛੱਡ ਕੇ ਤੁਸੀਂ ਸਿਆਸਤ ਦੇ ਗਲਿਆਰਿਆਂ ਵਿਚ ਆਉਣਾ ਕਿਉਂ ਪਸੰਦ ਕੀਤਾ?
ਜਵਾਬ: ਦੇਖੋ, ਮੈਂ ਕਿਸੇ ਰਾਜਸੀ ਘਰਾਣੇ ਵਿਚ ਨਹੀਂ ਜੰਮੀ ਸੀ, ਵਿਆਹੀ ਗਈ ਤਾਂ ਉਹ ਬਹੁਤ ਵਧੀਆ ਪਰਵਾਰ ਵਿਚ ਜੋ ਲੋਕਾਂ ਨਾਲ ਜੁੜਿਆ ਹੋਇਆ ਹੈ ਜਦ ਤੋਂ ਪਟਿਆਲਾ ਬਣਿਆ ਹੈ ਬਾਬਾ ਆਲਾ ਸਿੰਘ ਦੇ ਸਮੇਂ ਤੋਂ। ਕੁਦਰਤੀ ਗੱਲ ਇਹ ਹੈ ਕਿ ਮੇਰੇ ਸੱਸ-ਸਹੁਰਾ ਜੀ ਰਾਜਨੀਤੀ ਵਿਚ ਸਨ। ਫਿਰ ਮੇਰੇ ਪਤੀ ਵੀ ਰਾਜਨੀਤੀ ਵਿਚ ਆ ਗਏ ਤੇ ਮੈਂ ਉਨ੍ਹਾਂ ਦੀ ਮਦਦ ਕਰਦੀ ਹੁੰਦੀ ਸੀ ਪਰ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਂ ਵੀ ਸਿਆਸਤ ਵਿਚ ਜਾਵਾਂਗੀ।
ਸਵਾਲ: ਤੁਸੀਂ ਇਕ ਐਨ.ਜੀ.ਓ. ਚਲਾਉਂਦੇ ਸੀ ‘ਸੰਜੀਵਨੀ’?
ਜਵਾਬ: ਜੀ ਹਾਂ, ਮੈਂ ਕਈ ਐਨ.ਜੀ.ਓਜ਼ ਚਲਾਉਂਦੀ ਸੀ। ਸੰਜੀਵਨੀ ਦਾ ਬਹੁਤ ਸੰਤੁਸ਼ਟੀਜਨਕ ਨਤੀਜਾ ਆਇਆ। ਅਸੀਂ ਪਹਿਲਾਂ 3-4 ਅਪਾਹਜ ਬੱਚਿਆਂ ਨੂੰ 2-3 ਕਮਰਿਆਂ ਵਿਚ ਹਰ ਸੁਵਿਧਾ ਦੇਣ ਲਈ ਇਕ ਘਰ ਕਿਰਾਏ ’ਤੇ ਲਿਆ ਸੀ ਫਿਰ ਬੱਚਿਆਂ ਦੀ ਗਿਣਤੀ ਵੱਧਦੀ ਗਈ ਤੇ ਹੁਣ ਤਾਂ ਪੂਰਾ ਸਕੂਲ ਤਿਆਰ ਹੋ ਗਿਆ ਹੈ। ਇਸ ਵਿਚ ਐਨ.ਆਰ.ਆਈਜ਼ ਦੀ ਕਾਫ਼ੀ ਮਦਦ ਪਹੁੰਚੀ। ਸੰਨ 1980 ਵਿਚ ਇਹ ਸਾਰੀਆਂ ਸਮਾਜ ਸੇਵੀ ਐਨਜੀਓਜ਼ ਛੱਡ ਕੇ ਫਿਰ ਮੈਂ ਸਿਆਸਤ ਵਿਚ ਆ ਗਈ ਤੇ ਉਦੋਂ ਮੇਰੇ ਪਤੀ ਐਮ.ਪੀ. ਬਣੇ ਸੀ।
ਸਵਾਲ: ਅਪਣੇ ਪ੍ਰਚਾਰ ਦੌਰਾਨ ਕੀਤੇ ਕੰਮਾਂ ਬਾਰੇ ਤੁਸੀਂ ਨਹੀਂ ਬੋਲਦੇ, ਹੁਣ ਬੋਲਣਾ ਪੈ ਰਿਹਾ ਹੈ ਜਾਂ ਅਜੇ ਵੀ ਚੁੱਪ ਹੋ?
ਜਵਾਬ: ਹੁਣ ਤਾਂ ਮੈਂ ਖੁੱਲ੍ਹ ਕੇ ਬੋਲ ਰਹੀ ਹਾਂ। ਤੁਸੀਂ ਠੀਕ ਕਿਹਾ ਕਿ ਪਹਿਲਾਂ ਕਦੇ ਕੀਤੇ ਕੰਮਾਂ ਬਾਰੇ ਨਹੀਂ ਕਿਹਾ ਸੀ ਪਰ ਇਨ੍ਹਾਂ ਚੋਣਾਂ ਵਿਚ ਇਲਜ਼ਾਮ ਲਗਾਇਆ ਗਿਆ ਕਿ ਤੁਸੀਂ ਕੁਝ ਨਹੀਂ ਕੀਤਾ। ਇਸ ਲਈ ਮੈਂ ਹੁਣ ਇਕ-ਇਕ ਗੱਲ ਦੱਸਦੀ ਹਾਂ ਤੇ ਪੁੱਛਦੀ ਹਾਂ ਅਪਣੇ ਵਿਰੋਧੀਆਂ ਨੂੰ ਕਿ ਜੇ ਤੁਸੀਂ ਮੇਰੇ ਇਕ ਕੰਮ ਦੇ ਵੀ ਬਰਾਬਰ ਖੜੇ ਦਿਸਦੇ ਹੋ ਤਾਂ ਮੈਨੂੰ ਜਵਾਬ ਦਿਓ।
ਸਵਾਲ: ਕਈ ਸਿਆਸਤਦਾਨ ਜਿਵੇਂ ਭਗਵੰਤ ਮਾਨ ਕਹਿੰਦੇ ਹਨ ਕਿ ਮੈਂ ਪਹਿਲੀ ਵਾਰ ਅਪਣੇ ਪੂਰੇ ਐਮ.ਪੀ. ਲੈਡ ਫੰਡ ਦੀ ਵਰਤੋਂ ਕੀਤੀ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਜਵਾਬ: ਦੇਖੋ ਜੀ, ਹਰ ਐਮ.ਪੀ. ਅਪਣੇ ਲੈਡ ਫੰਡ ਦਾ ਇਸਤੇਮਾਲ ਕਰਦਾ ਹੈ। ਮੈਂ ਅਪਣੀ ਗੱਲ ਕਰਦੀ ਹਾਂ, ਡਾ. ਗਾਂਧੀ ਇੱਥੇ ਕਹਿੰਦੇ ਕਿ ਮੈਂ ਬਹੁਤ ਵਧੀਆ ਲੈਡ ਫੰਡ ਦੀ ਵਰਤੋਂ ਕੀਤੀ ਤੇ ਮੈਂ ਵੀ ਕਹਿੰਦੀ ਹਾਂ ਕਿ ਬਹੁਤ ਵਧੀਆ ਗੱਲ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਸੀ ਤੇ ਉਨ੍ਹਾਂ ਨੇ ਉਹ ਨਿਭਾਈ ਪਰ ਮੈਂ ਵੀ ਅਪਣੇ ਲੈਡ ਫੰਡ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਸੀ। ਜਦੋਂ ਪਿਛਲੀ ਵਾਰ ਮੈਂ ਐਮ.ਪੀ. ਸੀ ਤਾਂ ‘ਇੰਡੀਆ ਟੂਡੇ’ ਵਲੋਂ ਰਾਸ਼ਟਰੀ ਪੱਧਰ ’ਤੇ ਇਕ ਸਰਵੇ ਕੀਤਾ ਗਿਆ ਜਿਸ ਵਿਚ ਸਭ ਤੋਂ ਵਧੀਆ ਐਮ.ਪੀ. ਫੰਡ ਵਰਤਣ ਵਾਲੇ ਐਮ.ਪੀ. ਦੇ ਨਾਂ ਸਨ ਤੇ ਮੈਨੂੰ ਉਸ ਲਿਸਟ ਵਿਚ ‘ਟਾਪ 10’ ਐਮ.ਪੀ. ਦੀ ਕੈਟਾਗਰੀ ਵਿਚ ਸ਼ਾਮਲ ਕੀਤਾ ਗਿਆ। ਮੈਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਈ ਤੇ ਵਿਰੋਧੀਆਂ ਨੂੰ ਜਵਾਬ ਆਪੇ ਮਿਲ ਗਿਆ।
ਸਵਾਲ: ਜਦੋਂ ਤੁਸੀਂ ਪਟਿਆਲਾ ’ਚ ਆਏ ਸੀ, ਉਹ ਪਟਿਆਲਾ ਤੇ ਅੱਜ ਦਾ ਪਟਿਆਲਾ, ਵਿਕਾਸ ਵਜੋਂ ਤੁਹਾਨੂੰ ਕੋਈ ਫ਼ਰਕ ਲੱਗਦਾ ਹੈ?
ਜਵਾਬ: ਦੇਖੋ, ਜਿਸ ਪਟਿਆਲਾ ਵਿਚ ਮੈਂ ਆਈ ਸੀ, ਬਹੁਤ ਸੁੰਦਰ ਸ਼ਹਿਰ ਸੀ ਤੇ ਘੱਟ ਆਬਾਦੀ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਆਬਾਦੀ ਵਧਦੀ ਗਈ ਪਰ ਸ਼ਹਿਰ ਦਾ ਜਿਹੜਾ ਢਾਂਚਾ (ਨਕਸ਼ਾ) ਸੀ ਉਸ ਵਿਚ ਕਿਸੇ ਸਰਕਾਰ ਨੇ ਧਿਆਨ ਦੇ ਕੇ ਵਾਧਾ ਨਹੀਂ ਕੀਤਾ। ਖ਼ਾਸ ਗੱਲ ਕਿ ਪਿਛਲੇ 10 ਸਾਲਾਂ ’ਚ ਤਾਂ ਇਸ ਸ਼ਹਿਰ ਨੂੰ ਢੇਰ ਬਣਾ ਦਿਤਾ ਸੀ। ਸ਼ਹਿਰ ਦਾ ਬਹੁਤ ਮਾੜਾ ਹਾਲ ਸੀ ਪਰ ਹੁਣ ਮੈਂ ਕਹਿ ਸਕਦੀ ਹਾਂ ਕਿ 2 ਸਾਲਾਂ ਵਿਚ ਬਹੁਤ ਕੰਮ ਹੋਇਆ ਹੈ ਜਿਵੇਂ ਕਿ ਸੀਵਰੇਜ, ਪਾਈਪ ਲਾਈਨ, ਪਾਣੀ ਆਦਿ। ਇਹ ਸਭ ਸਾਫ਼ ਹੋ ਚੁੱਕਾ ਹੈ। ਮੁੱਖ ਮੰਤਰੀ ਸਾਬ੍ਹ ਇਕ-ਇਕ ਕੰਮ ਵਿਚ ਪੂਰਾ ਧਿਆਨ ਦੇ ਰਹੇ ਹਨ ਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਸਾਨੂੰ ਕੋਈ ਲੋਨ ਨਹੀਂ ਲੈਣਾ ਪੈ ਰਿਹਾ ਤੇ ਅੱਜ ਦੀ ਤਰੀਕ ਵਿਚ 200 ਕਰੋੜ ਦਾ ਕੰਮ ਚੱਲ ਰਿਹਾ ਹੈ।
ਸਵਾਲ: ਮੰਡੀਆਂ ਵਿਚੋਂ ਕਣਕ ਨਹੀਂ ਚੁੱਕੀ ਜਾ ਰਹੀ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੋਣ ਜਿੱਤਣ ਲਈ ਇੰਨੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ?
ਜਵਾਬ: ਬਿਲਕੁਲ, ਕਿਉਂਕਿ ਇਹ ਪਹਿਲੀ ਵਾਰ ਸਾਡੀ ਸਰਕਾਰ ਹੈ ਜੋ ਇਸ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਜਿਸ ਤਰ੍ਹਾਂ ਸੁਖਬੀਰ ਨੇ ਕਿਹਾ ਕਿ ਇਹ ਸਭ ਪਹਿਲਾਂ ਕਰਨਾ ਚਾਹੀਦਾ ਸੀ, ਇਹਨਾਂ ਨੇ ਤਾਂ ਕਦੇ ਪਹਿਲਾਂ ਕੀਤਾ ਨਹੀਂ ਸੀ ਪਰ ਅਸੀਂ ਹਰ ਵਾਰ ਪਹਿਲਾਂ ਕਰਦੇ ਹਾਂ ਪਰ ਇਸ ਦੇ ਬਾਵਜੂਦ ਇਹ ਸਮੱਸਿਆ ਆ ਰਹੀ ਹੈ। ਇਹ ਇਨ੍ਹਾਂ ਨੇ ਬਹੁਤ ਨੀਵੇਂ ਪੱਧਰ ਦੀ ਸਿਆਸਤ ਖੇਡੀ ਹੈ।
ਦੇਖੋ, ਜੇ ਇਹ ਰਾਜੀਵ ਗਾਂਧੀ ਦੀ ਮੌਤ ’ਤੇ ਸਿਆਸਤ ਖੇਡ ਸਕਦੇ ਹਨ ਤਾਂ ਇਹ ਤਾਂ ਫਿਰ ਛੋਟੀ ਜਿਹੀ ਗੱਲ ਹੈ ਇਨ੍ਹਾਂ ਵਾਸਤੇ ਕਿ ਬਾਰਦਾਨਾ ਡਾਇਵਰਟ ਕਰਕੇ ਕਿਤੇ ਹੋਰ ਭੇਜ ਦੇਣ। ਇਹ ਸਭ ਇਨ੍ਹਾਂ ਦੀ ਛੋਟੀ ਸੋਚ ਦਾ ਨਤੀਜਾ ਹੈ।
ਸਵਾਲ: ਸਿਆਸਤ ਦੀ ਜ਼ੁਬਾਨ ’ਚ ਬਹੁਤ ਗਿਰਾਵਟ ਆ ਗਈ ਹੈ। ਕੱਲ੍ਹ ਹਰਸਿਮਰਤ ਵਲੋਂ ਬਿਆਨ ਦਿਤਾ ਗਿਆ ਕੈਪਟਨ ਵਿਰੁਧ ਕਿ ਚੁੱਲੂ ਭਰ ਪਾਣੀ ਵਿਚ ਡੁੱਬਕੀ ਲਾ ਲਓ ਜੇ ਤੁਸੀਂ ਬਾਲਾਕੋਟ ਬਾਰੇ ਸਵਾਲ ਪੁੱਛ ਰਹੇ ਹੋ। ਇਹੋ ਜਿਹੇ ਬਿਆਨ ਸੁਣ ਕੇ ਅੱਜ ਦੀ ਤੇ ਆਉਣ ਵਾਲੇ ਕੱਲ੍ਹ ਦੀ ਸਿਆਸਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
ਜਵਾਬ: ਦੇਖੋ, ਇਹ ਬਹੁਤ ਗਲਤ ਗੱਲ ਹੈ। ਹਰ ਬੰਦੇ ਦੀ ਅਪਣੀ ਇੱਜ਼ਤ ਹੁੰਦੀ ਹੈ ਤੇ ਕਿਸੇ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਕੋਈ ਜੋ ਕੁਝ ਮਰਜੀ ਕਹੇ ਪਰ ਇਸ ਗੱਲ ’ਤੇ ਮੈਂ ਕਿਸੇ ਬਾਰੇ ਨਿੱਜੀ ’ਤੌਰ ’ਤੇ ਕਦੇ ਨਹੀਂ ਕੁਝ ਕਿਹਾ ਤੇ ਨਾ ਹੀ ਕਦੇ ਕਹਾਂਗੀ।
ਸਵਾਲ: ਜਿਹੜੇ ਰਾਸ਼ਟਰੀ ਪੱਧਰ ’ਤੇ ਅਜਿਹੀ ਜ਼ੁਬਾਨ ਦੀ ਵਰਤੋ ਕਰ ਰਹੇ ਨੇ ਤੇ ਇਸ ਦੇ ਚਲਦੇ ਤੁਸੀਂ ਵਿਕਾਸ ਦੇ ਕੰਮਾਂ ਬਾਰੇ ਕੀ ਸੋਚਦੇ ਹੋ?
ਜਵਾਬ: ਮੈਂ ਇਹ ਕਹਿੰਦੀ ਹਾਂ ਕਿ ਸਿਆਸਤ ਨਾ ਤਾਂ ਰਾਸ਼ਟਰੀ ਫ਼ੌਜਾਂ ’ਤੇ ਕਰਨੀ ਚਾਹੀਦੀ ਹੈ। ਸਿਆਸਤ ਵਿਚ ਇਹ ਹੁੰਦਾ ਹੈ ਕਿ ਤੁਸੀਂ ਅਪਣੇ ਪ੍ਰੋਗਰਾਮਾਂ ਬਾਰੇ ਦੱਸੋ ਜਾਂ ਕਿਸੇ ਦੇ ਕੰਮ ਵਿਚ ਕੋਈ ਕਮੀ-ਪੇਸ਼ੀ ਹੈ ਜਾਂ ਕੋਈ ਕੰਮ ਪੂਰਾ ਨਹੀਂ ਕੀਤਾ ਤਾਂ ਉਸ ਬਾਰੇ ਗੱਲ ਕਰੋ। ਬਾਕੀ ਜਨਤਾ ਹੀ ਇਸ ਨੂੰ ਠੀਕ ਕਰੇਗੀ। ਜਦੋਂ ਲੋਕ ਇਨ੍ਹਾਂ ਗੱਲਾਂ ਨੂੰ ਠੁਕਰਾਉਣਗੇ ਤਾਂ ਹੀ ਇਹੋ ਜਿਹੀਆਂ ਗੱਲਾਂ ਬੰਦ ਹੋਣਗੀਆਂ।
ਸਵਾਲ: ਸਵਾਲ ਉੱਠਿਆ ਹੈ ਕਿ ਸਿਰਫ਼ ਮੋਦੀ ਨੇ ਸਰਜੀਕਲ ਸਟਰਾਈਕ ਕੀਤੀਆਂ, ਹੁਣ ਆਖ਼ੀਰ ’ਤੇ ਮਨਮੋਹਨ ਸਿੰਘ ਨੇ ਕਿਹਾ ਹੈ ਕਿ 6 ਕੀਤੀਆਂ ਸੀ, ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ: ਖਾਲੀ ਸਰਜੀਕਲ ਸਟ੍ਰਾਈਕਸ ਨਹੀਂ, ਬੰਗਲਾ ਦੇਸ਼ ਅਲੱਗ ਹੋਇਆ, 1965 ਦੀ ਜੰਗ ਹੋਈ, ਸਾਡੀਆਂ ਫ਼ੌਜਾਂ ਇੱਛੂਗਲ ਕਨਾਲ ਤੱਕ ਅੰਦਰ ਗਈਆਂ ਪਰ ਅਸੀਂ ਸਿਆਸੀ ਰੋਟੀਆਂ ਨਹੀਂ ਸੇਕੀਆਂ। ਇਹ ਦੇਸ਼ ਦੀ ਸੁਰੱਖਿਆ ਦੀ ਗੱਲ ਹੈ। ਮੈਂ ਕਈ ਵਾਰ ਕਿਹਾ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ। ਰਾਜਨੀਤੀ ਅਪਣੀ ਜਗ੍ਹਾ ਹੈ ਤੇ ਦੇਸ਼ ਅਪਣੀ ਜਗ੍ਹਾ ਹੈ।
ਸਵਾਲ: ਅੱਜ ਇਨਸਾਨ ਹਰ ਚੀਜ਼ ਬਾਰੇ ਖ਼ਬਰ ਚਾਹੁੰਦਾ ਹੈ। ਜੋ ਜ਼ੋਰ-ਜ਼ੋਰ ਨਾਲ ਚੀਕ ਕੇ ਕਹਿੰਦਾ ਹੈ, ਜਨਤਾ ਉਹਦੀ ਸੁਣਦੀ ਹੈ, ਇਸ ਬਾਰੇ ਕੀ ਕਹੋਗੇ?
ਜਵਾਬ: ਫਿਰ ਜਨਤਾ ਜੋ ਚੁਣਦੀ ਹੈ ਓਹੀ ਜਨਤਾ ਦੇ ਸਿਰ ਪੈਂਦੀ ਹੈ। ਜਨਤਾ ਨੂੰ ਅਸੀਂ ਵੀ ਜਾਗਰੂਕ ਕਰਦੇ ਹਾਂ ਕਿ ਬਹੁਤੇ ਭਾਵੁਕ ਹੋ ਕੇ ਨਹੀਂ, ਠੰਡੇ ਦਿਮਾਗ ਨਾਲ ਸੋਚਣ ਕਿਉਂਕਿ ਖ਼ਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਜਿੰਨ੍ਹਾਂ ਨੂੰ ਪਿਛਲਾ ਇਤਿਹਾਸ ਨਹੀਂ ਪਤਾ, ਉਨ੍ਹਾਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਜੋ ਤੁਹਾਨੂੰ ਇਹ 18 ਸਾਲ ਦਾ ਹੱਕ ਦਿਤਾ ਸੀ ਇਹ ਰਾਜੀਵ ਗਾਂਧੀ ਨੇ ਹੀ ਦਿਤਾ ਸੀ। ਇਸ ਲਈ ਤੁਸੀਂ ਇਸ ਹੱਕ ਦਾ ਇਸਤੇਮਾਲ ਕਰਕੇ ਅਪਣਾ ਭਵਿੱਖ ਹੀ ਬਣਾ ਰਹੇ ਹੋ। ਇਸ ਲਈ ਸੋਚ ਸਮਝ ਕੇ ਵੋਟ ਕਰੋ।
ਸਵਾਲ: ਅੱਜ ਪੰਜਾਬ ਵਿਚ ਵੋਟ ਕੈਪਟਨ ਸਾਬ੍ਹ ਨੂੰ ਉਨ੍ਹਾਂ ਦੇ ਕੰਮ ਕਰਕੇ ਪਵੇਗੀ ਤੇ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਝੂਠੀ ਸਹੁੰ ਚੁੱਕੀ ਸੀ, ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ: ਦੇਖੋ, ਕੋਈ ਵੀ ਬੰਦਾ ਜੇਕਰ ਅਪਣੇ ਧਰਮ ਦੀ ਸਹੁੰ ਖਾਂਦਾ ਹੈ ਤਾਂ ਉਹ ਝੂਠੀ ਸਹੁੰ ਨਹੀਂ ਖਾਂਦਾ। ਪਹਿਲਾਂ ਤਾਂ ਇਹ ਗਲਤ ਹੈ ਕਿ ਝੂਠੀ ਸਹੁੰ ਖਾਧੀ। ਪੂਰੇ ਸੱਚੇ ਦਿਲ ਨਾਲ ਸਹੁੰ ਖਾਧੀ ਹੈ। ਕਿਹਾ ਸੀ ਕਿ ਨਸ਼ਿਆਂ ਦਾ ਲੱਕ ਤੋੜਨਾ ਹੈ ਤੇ ਟੁੱਟਿਆ ਵੀ। ਅਜਿਹਾ ਬਿਲਕੁਲ ਨਹੀਂ ਹੋਇਆ ਕਿ ਸਰਕਾਰ ਵਲੋਂ ਕੋਈ ਕਸਰ ਛੱਡੀ ਗਈ ਹੈ। ਅਸੀਂ ਸਭ ਤੋਂ ਪਹਿਲਾਂ ਡਰੱਗ ’ਤੇ ਅਮਲ ਕੀਤਾ ਤੇ ਇਸ ਵਿਚ ਸਰਕਾਰ ਅਪਣਾ ਯੋਗਦਾਨ ਦੇ ਰਹੀ ਹੈ ਤੇ ਜੇ ਪਬਲਿਕ ਵੀ ਯੋਗਦਾਨ ਪਾਵੇ ਤਾਂ ਇਹ ਸਮੱਸਿਆ ਹੱਲ ਹੋਵੇਗੀ। ਇਸ ਲਈ ਸਹੁੰ ਜਿਹੜੀ ਖਾਧੀ ਉਹ ਸੱਚੇ ਦਿਲ ਨਾਲ ਖਾਧੀ ਤੇ ਇਸ ਉਤੇ ਕੰਮ ਵੀ ਸੱਚੇ ਦਿਲ ਨਾਲ ਕਰ ਰਹੇ ਹਨ।
ਸਵਾਲ: ਮੋਬਾਇਲ ਫ਼ੋਨ, ਕਰਜ਼ਾ ਮਾਫ਼ੀ ਵਿਚ ਕਈਆਂ ਦਾ ਨਾਂਅ ਆਇਆ ਤੇ ਕਈਆਂ ਦਾ ਨਹੀਂ, ਇਹ ਦੇਰੀ ਤੁਹਾਨੂੰ ਨਹੀਂ ਲੱਗਦਾ ਕਿ ਮਹਿੰਗੀ ਪੈ ਸਕਦਾ ਹੈ?
ਜਵਾਬ: ਬਿਲਕੁਲ ਨਹੀਂ ਮਹਿੰਗੀ ਪੈ ਸਕਦੀ। ਅਸੀਂ ਜੋ ਵਾਅਦੇ ਕੀਤੇ ਉਨ੍ਹਾਂ ਵਿਚ ਦੇਰੀ ਬਿਲਕੁਲ ਨਹੀਂ ਹੋ ਸਕਦੀ। ਇਨ੍ਹਾਂ ਨੂੰ ਪੁੱਛੋ ਜਿਹੜੇ 10 ਸਾਲ ਰਾਜ ਕਰਕੇ ਗਏ, ਇਨ੍ਹਾਂ ਨੇ ਕਦੇ ਪੰਜੀ ਵੀ ਦਿਤੀ ਹੋਵੇ ਕਿਸੇ ਨੂੰ? ਅਜੇ ਤਿੰਨ ਸਾਲ ਪਏ ਨੇ ਤੇ ਪੜਾਅ ਵਾਈਜ਼ ਕੰਮ ਚੱਲੇਗਾ। ਹਰ ਵਰਗ ਨੂੰ ਵੇਖ ਕੇ ਚੱਲ ਰਹੇ ਹਾਂ। 10 ਲੱਖ ਮੋਬਾਇਲ ਫ਼ੋਨ ਇਕ ਦਮ ਤੋਂ ਮੁਹੱਈਆ ਕਰਵਾਉਣਾ ਮੁਮਕਿਨ ਨਹੀਂ ਸੀ। ਜਿਹੜੇ ਫ਼ੋਨ ਮਿਲ ਰਹੇ ਸੀ ਉਹ ਸਮਾਰਟ ਫ਼ੋਨ ਕੁਆਲਿਟੀਆਂ ਵਜੋਂ ਨਹੀਂ ਬਣ ਰਹੇ ਸੀ। ਜੋ ਕਿਹਾ ਹੈ ਉਹ ਹੋਉਗਾ ਚੋਣ ਜ਼ਾਬਤੇ ਤੋਂ ਬਾਅਦ।