
ਦੋ ਵਾਰ ਵੱਖ-ਵੱਖ ਥਾਣਿਆਂ ’ਚ ਅਣਪਛਾਤੀ ਪੁਲਿਸ ਵਿਰੁਧ ਹੋਏ ਸਨ ਮਾਮਲੇ ਦਰਜ
ਕੋਟਕਪੂਰਾ, (ਗੁਰਿੰਦਰ ਸਿੰਘ) : ਪਿਛਲੇ ਦਿਨੀਂ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਦੀਆਂ ਪੜਤਾਲ ਰਿਪੋਰਟਾਂ ਰੱਦ ਕਰਨ ਅਤੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਮੁੱਢੋਂ ਰੱਦ ਕਰਨ ਦੀਆਂ ਖ਼ਬਰਾਂ ਨੇ ਪੰਥਕ ਹਲਕਿਆਂ ਵਿਚ ਤਰਥੱਲੀ ਮਚਾ ਦਿਤੀ ਸੀ ਤੇ ਹੁਣ ਨਵੀਂ ਐਸਆਈਟੀ ਦਾ ਗਠਨ ਕਰਨ ਨਾਲ ਦੁਬਾਰਾ ਫਿਰ ਪੰਥਕ ਅਤੇ ਰਾਜਨੀਤਕ ਹਲਕਿਆਂ ਵਿਚ ਨਵੀਂ ਚਰਚਾ ਛਿੜ ਪਈ ਹੈ।
Kotakpura
ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਵਿਚ ਦਸਿਆ ਜਾ ਚੁੱਕਾ ਹੈ ਕਿ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਬਾਦਲ ਸਰਕਾਰ ਵਲੋਂ ਗਠਤ ਕੀਤੀ ਆਈ.ਜੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਪਹਿਲੀ ਐਸਆਈਟੀ ਨੇ ਵੀ ਪੁਲਿਸ ਨੂੰ ਗੋਲੀਕਾਂਡ ਲਈ ਦੋਸ਼ੀ ਠਹਿਰਾਇਆ ਸੀ ਪਰ ਸੱਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਕੇ ਖ਼ਾਨਾਪੂਰਤੀ ਕਰ ਦਿਤੀ ਗਈ।
Badal Family
ਜਦੋਂ 1 ਜੂਨ 2018 ਨੂੰ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਬਰਗਾੜੀ ਇਨਸਾਫ਼ ਮੋਰਚਾ ਲੱਗ ਗਿਆ ਤਾਂ ਉਸ ਸਮੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਤੋਂ ਬਾਅਦ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਇਕ ਵਾਰ ਫਿਰ ਪੁਲਿਸ ਦੇ ਗੋਲੀਕਾਂਡ ਤੋਂ ਪੀੜਤ ਅਜੀਤ ਸਿੰਘ ਦੇ ਬਿਆਨਾ ਦੇ ਆਧਾਰ ’ਤੇ 07-08-2018 ਨੂੰ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਦਿਤਾ। ਉਸ ਤੋਂ ਬਾਅਦ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਉਕਤ ਮਾਮਲੇ ਵਿਚ ਜਾਂਚ ਉਪਰੰਤ ਉੱਚ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ।
Kunwar vijay pratap singh
ਉਸ ਸਮੇਂ ਥਾਣੇ ਵਿਚ ਮੀਡੀਆ ਦੇ ਕੈਮਰਿਆਂ ਸਾਹਮਣੇ ਬੋਲਦਿਆਂ ਅਜੀਤ ਸਿੰਘ ਨੇ ਦਸਿਆ ਸੀ ਕਿ 14 ਅਕਤੂਬਰ 2015 ਨੂੰ ਸਵੇਰੇ ਕਰੀਬ 6:00 ਵਜੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਚਲਾਈ ਗਈ ਗੋਲੀ ਉਸ ਦੀ ਇਕ ਲੱਤ ਵਿਚੋਂ ਨਿਕਲ ਕੇ ਦੂਜੀ ਲੱਤ ਦੀ ਹੱਡੀ ’ਚ ਫਸ ਗਈ। ਉਹ ਇਲਾਜ ਕਰਾਉਂਦਾ ਰਿਹਾ, ਡੀਐਮਸੀ ਲੁਧਿਆਣਾ ਤਕ ਉਸ ਦਾ ਇਲਾਜ ਹੋਇਆ, ਸਾਰਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ, ਨਾ ਤਾਂ ਤਤਕਾਲੀਨ ਬਾਦਲ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਵਲੋਂ ਉਸ ਦੀ ਕੋਈ ਮਦਦ ਕੀਤੀ ਗਈ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰੰਤ ਇਨਸਾਫ਼ ਦੀ ਕੁੱਝ ਆਸ ਬੱਝੀ ਹੈ।
Kotakpura Goli Kand
ਅਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੇ ਪਹਿਲਾਂ ਵੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਪਰ ਸਿਟੀ ਥਾਣੇ ਵਿਖੇ ਦਰਜ ਅੇੈਫ਼ਆਈਆਰ ’ਚ ਇਹ ਲਿਖ ਕੇ ਮੇਰਾ ਕੇਸ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਪਹਿਲਾਂ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾਏ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਉਸ ਦਿਨ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਤੋਂ ਬਾਅਦ ਸਿਟੀ ਥਾਣਾ ਕੋਟਕਪੂਰਾ ਅਤੇ ਪੁਲਿਸ ਥਾਣਾ ਬਾਜਾਖ਼ਾਨਾ ਵਿਖੇ ਉਲਟਾ ਸੰਗਤਾਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਸਨ।