
ਮਜ਼ਦੂਰਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ
ਫਿਰੋਜ਼ਪੁਰ 10 ਜੂਨ (ਸੁਭਾਸ਼ ਕੱਕੜ) : ਸੀਪੀਆਈਐੱਮ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ਵਿਚ ਡੀਸੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੋਵਿੰਡ 19 ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਮਜ਼ਦੂਰਾਂ, ਕਿਸਾਨਾਂ ਜਿਨ੍ਹਾਂ ਦੀ ਕੋਈ ਆਮਦਨ ਨਹੀਂ ਹੈ, ਉਨ੍ਹਾਂ ਦੇ ਖਾਤਿਆਂ ਵਿਚ ਤਿੰਨ ਮਹੀਨੇ ਦੇ 7500 ਰੁਪਏ ਜਮ੍ਹਾ ਕਰਵਾਏ ਜਾਣ, ਖੇਤੀ ਸੁਧਾਰ ਆਰਜੀਨੈਂਸ ਤੁਰੰਤ ਰੱਦ ਕੀਤਾ ਜਾਵੇ, ਮਨਰੇਗਾ ਕਰਮੀਆਂ ਦੇ ਲਈ 200 ਦਿਨ ਦਾ ਕੰਮ ਅਤੇ 600 ਰੁਪਏ ਦਿਹਾੜੀ ਮੁਹੱਈਆ ਕਰਵਾਈ ਜਾਵੇ, ਖੇਤ ਮਜ਼ਦੂਰਾਂ ਦੇ ਹਰ ਪਰਿਵਾਰਿਕ ਮੈਂਬਰ ਨੂੰ 10 ਕਿਲੋ ਕਣਕ, ਚਾਵਲ ਅਤੇ ਰਸੋਈ ਦੀਆਂ ਹੋਰ ਜ਼ਰੂਰੀ ਵਸਤੂਆਂ 6 ਮਹੀਨੇ ਦੇ ਲਈ ਦਿੱਤੀਆਂ ਜਾਣ, ਬਿਜਲੀ ਬਿੱਲ 2020 ਤੁਰੰਤ ਵਾਪਸ ਲਿਆ ਜਾਵੇ, ਕਿਸਾਨਾਂ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਕਿਸਾਨਾਂ ਨੂੰ ਸਵਾਮੀ ਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਣ ਅਤੇ ਇਸ ਦੇ ਇਲਾਵਾ ਉਨ੍ਹਾਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਸੰਘਰਸ਼ ਨਾ ਕਰਨਾ ਪਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਕਾਮਰੇਡ ਹੰਸਾ ਸਿੰਘ, ਕਾਮਰੇਡ ਦਰਸ਼ਨ ਸਿੰਘ, ਮਹਿੰਦਰ ਸਿੰਘ, ਗੁਲਜ਼ਾਰ ਸਿੰਘ ਨੇ ਵੀ ਸੰਬੋਧਨ ਕੀਤਾ।