ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੇ ਸੁਨੀਲ ਕੁਮਾਰ ਦੀ ਰੋਜ਼ੀ-ਰੋਟੀ ਕਮਾਉਣ ਖ਼ਾਤਿਰ ਵਿਦੇਸ਼ (ਅਮਰੀਕਾ) ਜਾਂਦੇ ਸਮੇਂ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ............
ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੇ ਸੁਨੀਲ ਕੁਮਾਰ ਦੀ ਰੋਜ਼ੀ-ਰੋਟੀ ਕਮਾਉਣ ਖ਼ਾਤਿਰ ਵਿਦੇਸ਼ (ਅਮਰੀਕਾ) ਜਾਂਦੇ ਸਮੇਂ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨੀਲ ਦੇ ਪਿਤਾ ਦਵਿੰਦਰ ਕੁਮਾਰ, ਜੋ ਨਡਾਲਾ 'ਚ ਕਪੜੇ ਦੀ ਦੁਕਾਨ ਕਰਦੇ ਹਨ, ਨੇ ਦਸਿਆ ਕਿ ਉਨ੍ਹਾਂ ਨੇ ਨਾਲ ਲਗਦੇ ਪਿੰਡ ਟਾਂਡੀ ਦੇ ਇਕ ਏਜੰਟ ਜਸਬੀਰ ਸਿੰਘ ਨਾਲ ਆਪਣੇ ਇਕਲੌਤੇ ਬੇਟੇ ਨੂੰ ਅਮਰੀਕਾ ਭੇਜਣ ਲਈ 23.50 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ। ਸੌਦਾ ਤੈਅ ਹੋਣ ਤੋਂ ਬਾਅਦ ਏਜੰਟ ਨੂੰ 19 ਲੱਖ ਦੇ ਦਿੱਤੇ। ਬਾਅਦ 24 ਅਪ੍ਰੈਲ ਨੂੰ ਏਜੰਟ ਨੇ ਬੇਟੇ ਦੀ ਪਨਾਮਾ ਲਈ ਫਲਾਈਟ ਕਰਵਾ ਦਿੱਤੀ। ਉਨ੍ਹਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਪਨਾਮਾ ਦੇ
ਜੰਗਲਾਂ 'ਚੋਂ ਲੰਘਦੇ ਹੋਏ 8 ਜੂਨ ਨੂੰ ਉਨ੍ਹਾਂ ਦੀ ਬੇਟੇ ਨਾਲ ਆਖਰੀ ਵਾਰੀ ਫੋਨ ਜ਼ਰੀਏ ਗੱਲ ਹੋਈ ਅਤੇ ਉਸ ਦੇ ਬਾਅਦ ਕੋਈ ਗੱਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਹੁਣ ਪਤਾ ਲੱਗਾ ਹੈ ਕਿ ਜੰਗਲ ਦੇ ਰਸਤੇ 'ਚ ਜਾਂਦੇ ਸਮੇਂ ਡੋਂਕਰ ਨੇ ਉਸ ਨੂੰ ਨਦੀ 'ਚ ਧੱਕਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਗਈ ਅਤੇ ਉਸ ਨੂੰ ਤੁਰਨ-ਫਿਰਨ ਦੇ ਯੋਗ ਵੀ ਨਾ ਛੱਡਿਆ। ਕਰੀਬ 10 ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਅਤੇ ਪਨਾਮਾ ਕੈਂਪ 'ਚ ਰੁਕੇ ਪੰਜਾਬੀ ਲੋਕਾਂ ਨੇ 500 ਡਾਲਰ ਇਕੱਠੇ ਕਰਕੇ ਉਸ ਦੀ ਲਾਸ਼ ਨੂੰ ਉਥੇ ਹੀ ਦਫ਼ਨ ਕਰ ਦਿੱਤਾ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਦੋਸ਼ੀ ਏਜੰਟ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।