
ਪੰਥ ਦੇ ਠੇਕੇਦਾਰ ਕਹਾਉਣ ਵਾਲਿਆਂ ਦੀ ਚੁੱਪੀ ਨਿੰਦਨਯੋਗ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 550 ਕਰੋੜ ਰੁਪਏ ਦੇ ਵਿਸ਼ੇਸ਼ ਫ਼ੰਡ ਦੀ ਮੰਗ ਕੀਤੀ ਹੈ।
Guru Purb
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਕਿੰਨਾ ਮਾਣ ਮਹਿਸੂਸ ਕਰਦੀ ਜੇਕਰ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਆਪਣੇ ਬਜਟ 'ਚ 550 ਕਰੋੜ ਰੁਪਏ ਉਚੇਚੇ ਤੌਰ 'ਤੇ ਰਾਖਵੇਂ ਰੱਖ ਕੇ 'ਸਰਬੱਤ ਦੇ ਭਲੇ' ਦਾ ਵਿਸ਼ਵ ਵਿਆਪੀ ਸੰਦੇਸ਼ ਦੇਣ ਵਾਲੇ 'ਜਗਤ ਗੁਰੂ' ਨੂੰ ਨਤਮਸਤਕ ਹੁੰਦੀ, ਪਰ ਹੈਰਾਨ ਦੀ ਗੱਲ ਹੈ ਕਿ ਭਾਜਪਾ ਲੀਡਰਸ਼ਿਪ ਤਾਂ ਛੱਡੋ ਖ਼ੁਦ ਨੂੰ ਪੰਥ ਦਾ ਝੰਡਾ ਬਰਦਾਰ ਕਹਾਉਣ ਵਾਲੇ ਬਾਦਲ ਪਰਿਵਾਰ ਦੇ ਦੋਨੋਂ ਮੈਂਬਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਦਾ ਖ਼ੁਦ ਹਿੱਸਾ ਹਨ ਅਤੇ ਜਦੋਂ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਸਨ ਤਾਂ ਸਦਨ 'ਚ ਮੌਜੂਦ ਸਨ, ਪਰ ਦੋਵਾਂ ਨੇ ਬਜਟ 'ਚ ਪੰਜਾਬ ਨਾਲ ਹੋਏ ਪੱਖਪਾਤ 'ਤੇ ਤਾਂ ਕੀ ਬੋਲਣਾ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਬਜਟ ਲਈ ਮੂੰਹ ਤੱਕ ਨਹੀਂ ਖੋਲ੍ਹਿਆ।
Guru Nanak Dev Ji
ਮਾਨ ਨੇ ਦੱਸਿਆ ਕਿ ਜਦ ਉਨ੍ਹਾਂ ਸੰਸਦ 'ਚ ਇਹ ਮੁੱਦਾ ਉਠਾਇਆ ਅਤੇ ਘੱਟੋ-ਘੱਟ 550 ਕਰੋੜ ਰੁਪਏ ਦੀ ਮੰਗ ਉਠਾਈ ਤਾਂ ਵੀ ਬਾਦਲਾਂ ਨੇ ਇਸ ਮੰਗ ਦੀ ਤਾਕੀਦ ਕਰਨਾ ਮੁਨਾਸਿਫ ਨਹੀਂ ਸਮਝਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪਲੇਠੇ ਭਾਸ਼ਣ 'ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਇਸ ਲਈ ਵਿਸ਼ੇਸ਼ ਫ਼ੰਡ ਦਾ ਜ਼ਿਕਰ ਤੱਕ ਨਹੀਂ ਕੀਤਾ। ਭਗਵੰਤ ਮਾਨ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਬਜਟ 'ਚ ਵਿਸ਼ੇਸ਼ ਪ੍ਰਵਧਾਨ ਕਰ ਕੇ ਪ੍ਰਕਾਸ਼ ਪੁਰਬ ਲਈ 550 ਕਰੋੜ ਰੁਪਏ ਤੁਰੰਤ ਐਲਾਨੇ ਜਾਣ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਿਰਫ਼ ਸਿੱਖਾਂ ਦੇ ਗੁਰੂ ਨਹੀਂ ਸਨ, ਸਗੋਂ ਉਹ ਸਾਰੇ ਫ਼ਿਰਕਿਆਂ ਦੇ ਸਾਂਝੇ ਗੁਰੂ ਸਨ।
Narendra Modi
ਮੋਦੀ ਸਰਕਾਰ ਦੇ ਅਜਿਹੇ ਫ਼ੈਸਲੇ ਨਾਲ ਪੂਰੀ ਦੁਨੀਆ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਦਾ ਮਾਣ ਵਧੇਗਾ ਅਤੇ ਉਹ ਆਪਣੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ 'ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਕੁੱਝ ਨਾ ਕੁੱਝ ਕਰਵਾ ਸਕਣਗੇ। ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਹਾਲਾਂਕਿ ਨਾਨਕ ਲੇਵਾ ਸੰਗਤ ਸਰਕਾਰੀ ਫ਼ੰਡਾਂ ਦੀ ਮੁਥਾਜ ਨਹੀਂ ਹੈ, ਪਰੰਤੂ ਇਹ ਸਾਡੀ ਸਾਰੇ ਸਿਆਸਤਦਾਨਾਂ ਅਤੇ ਸੱਤਾਧਾਰੀ ਧਿਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਿਸ਼ੇਸ਼ ਵਰ੍ਹੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਚੇਚੇ ਤੌਰ 'ਤੇ ਨਤਮਸਤਕ ਹੋ ਕੇ ਉਨ੍ਹਾਂ ਦੇ 'ਸਰਬੱਤ ਦੇ ਭਲੇ' ਦੇ ਸੰਦੇਸ਼ ਨੂੰ ਦੁਨੀਆ ਦੇ ਹਰੇਕ ਮੁਲਕ ਅਤੇ ਕੋਨੇ ਤੱਕ ਪਹੁੰਚਾਇਆ ਜਾਵੇ।
Bhagwant Mann
ਮਾਨ ਮੁਤਾਬਕ ਉਨ੍ਹਾਂ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਵਲੋਂ 100 ਕਰੋੜ ਰੁਪਏ ਰੱਖੇ ਜਾਣ ਦੀਆਂ ਅਪੁਸ਼ਟ ਸੂਚਨਾਵਾਂ ਆਈਆਂ ਹਨ, ਪਰ ਇਹ ਰਾਸ਼ੀ ਨਾਕਾਫ਼ੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ 'ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਨ ਵਾਲੀ ਮੋਦੀ ਸਰਕਾਰ ਲਈ 550 ਕਰੋੜ ਰੁਪਏ ਦਾ ਬਜਟ ਕੁੱਝ ਵੀ ਨਹੀਂ, ਜਿਸਦਾ ਮੋਦੀ ਸਰਕਾਰ ਪ੍ਰਬੰਧ ਨਾ ਕਰ ਸਕਦੀ ਹੋਵੇ।