
ਸੱਭਿਆਚਾਰਕ ਮੰਤਰੀ ਵਲੋਂ ਪ੍ਰਸਤਾਵ ਨੂੰ ਸਹਿਮਤੀ, ਮੁੱਖ ਮੰਤਰੀ ਨਾਲ ਵਿਚਾਰਨ ਉਪਰੰਤ ਰਸਮੀ ਪ੍ਰਵਾਨਗੀ ਦਿਤੀ ਜਾਵੇਗੀ
ਚੰਡੀਗੜ੍ਹ: ਪ੍ਰੋਫ਼ੈਸਰ ਮੋਹਨ ਸਿੰਘ ਫਾਊਂਡੇਸਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫ਼ੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ. ਜਗਜਿੰਦਰਾ ਸਿੰਘ ਨੇ ਅੱਜ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫ਼ਤਰ ਵਿਖੇ ਮੁਲਾਕਾਤ ਕੀਤੀ।
ਇਸ ਮੌਕੇ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਨੇ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਭਾਗੀਦਾਰ ਬਣਨ ਲਈ ਪ੍ਰਸਤਾਵ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਕੋਲ ਰੱਖਿਆ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਨੇ ਪ੍ਰਸਤਾਵ ਪੇਸ਼ ਕੀਤਾ ਹੈ ਕਿ ਫਾਊਂਡੇਸ਼ਨ ਇਹਨਾਂ ਸਮਾਗਮਾਂ ਵਿਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆਵਾਂ ਦੇ ਆਧਾਰ ’ਤੇ ਹੀ ਸੰਗੀਤਕ ਪੇਸ਼ਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।
ਫਾਊਂਡੇਸਨ ਵਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸ਼ਨੀਆਂ ਲਾਈਆਂ ਜਾਣ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ। ਸ. ਚੰਨੀ ਨੇ ਇਸ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਵਲੋਂ ਦਿਤੇ ਗਏ ਪ੍ਰਸਤਾਵ ਨਾਲ ਉਹ ਮੁਢਲੇ ਰੂਪ ਵਿਚ ਸਹਿਮਤ ਹਨ, ਪਰ ਇਸ ਨੂੰ ਅਮਲੀ ਰੂਪ ਵਿਚ ਪ੍ਰਵਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਉਪਰੰਤ ਦਿਤੀ ਜਾਵੇਗੀ।
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਵਾਮ ਦੀ ਸੱਭਿਆਚਾਰਕ ਤੰਦਰੁਸਤੀ ਹੀ ਕਿਸੇ ਕੌਮ ਦੀ ਕਾਮਯਾਬੀ ਦਾ ਰਾਜ ਹੁੰਦੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ਅਤੇ ਵਿਦੇਸਾਂ ਵਿਚ ਪੰਜਾਬੀ ਸੱਭਿਆਚਾਰ, ਸਾਹਿਤ, ਕਲਾ, ਗੀਤ ਸੰਗੀਤ ਲਈ ਯਤਨਸੀਲ ਸੰਸਥਾਵਾਂ ਜੇਕਰ ਇੱਕਠਿਆਂ ਹੋ ਕੇ ਇਕ ਮੰਚ ’ਤੇ ਕੰਮ ਕਰਨ ਤਾਂ ਅਸੀਂ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵੱਲ ਲਿਜਾ ਸਕਦੇ ਹਾਂ।
ਉਨ੍ਹਾਂ ਪ੍ਰੋਫ਼ੈਸਰ ਮੋਹਨ ਸਿੰਘ ਫਾਊਂਡੇਸਨ ਵਲੋਂ ਪੰਜਾਬ ਵਿਚ ਤੋਰੀ ਸੱਭਿਆਚਾਰਕ ਲਹਿਰ ਦੀ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਸਮਾਜਿਕ ਬੁਰਾਈਆਂ ਅਤੇ ਦੇਸ਼ ਦੀਆਂ ਦੁਸ਼ਮਣ ਤਾਕਤਾਂ ਦਾ ਟਾਕਰਾ ਕਰਨ ਲਈ ਸਾਰਥਕ ਗੀਤ ਸੰਗੀਤ, ਉਸਾਰੂ ਸਾਹਿਤ, ਕੋਮਲ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦਾ ਗਿਆਨ ਹੀ ਤਾਕਤ ਬਣਦਾ ਹੈ।