
ਤਾਲਾਬੰਦੀ ਦੌਰਾਨ ਲੱਗੇ ਨਾਕੇ 'ਤੇ ਪੁਲਿਸ ਪਾਰਟੀ 'ਤੇ ਕੀਤੇ ਹਮਲੇ ਦਾ ਮਾਮਲਾ
ਪਟਿਆਲਾ, 9 ਜੁਲਾਈ (ਤੇਜਿੰਦਰ ਫ਼ਤਿਹਪੁਰ) : ਡਿਊਟੀ 'ਤੇ ਤਾਇਨਾਤ ਪੁਲਿਸ ਟੀਮ 'ਤੇ ਹਮਲਾ ਕਰਨ ਅਤੇ ਇਕ ਏਐਸਆਈ ਦਾ ਗੁੱਟ ਵੱਢਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਵਲੋਂ ਚਾਰ ਨਿਹੰਗਾਂ ਵਿਰੁਧ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਮੁਖੀ ਬਿੱਕਰ ਸਿੰਘ ਨੇ ਦਸਿਆ ਕਿ ਬੀਤੇ ਦਿਨ ਬੁਧਵਾਰ ਡਿਊਟੀ ਮੈਜਿਸਟ੍ਰੇਟ ਕੋਲ ਮੁਲਜ਼ਮ ਬਲਵਿੰਦਰ ਸਿੰਘ, ਜਗਮੀਤ ਸਿੰਘ, ਅਜੈਬ ਸਿੰਘ ਉਰਫ਼ ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਉਰਫ ਗਿੱਪੀ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਦੂਸਰੇ ਪਾਸੇ ਇਸ ਵਾਰਦਾਤ ਦੌਰਾਨ ਹਮਲਾਵਰਾਂ ਦਾ ਸ਼ਿਕਾਰ ਹੋਏ ਐਸ.ਆਈ ਹਰਜੀਤ ਸਿੰਘ ਨੇ ਜਲਦ ਇਨਸਾਫ਼ ਮਿਲਣ ਦੀ ਆਸ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ ਤਾਲਾਬੰਦੀ ਤੇ ਕਰਫ਼ਿਊ ਲੱਗਿਆ ਹੋਇਆ ਸੀ। ਸਨੌਰ ਨੇੜੇ ਸਥਿਤ ਸਬਜ਼ੀ ਮੰਡੀ ਵਿਚ 12 ਅਪ੍ਰੈਲ ਨੂੰ ਪੁਲਿਸ ਟੀਮ ਡਿਊਟੀ 'ਤੇ ਤਾਇਨਾਤ ਸੀ। ਇਸੇ ਦੌਰਾਨ ਹੀ ਤੜਕ ਸਵੇਰੇ ਇਕ ਗੱਡੀ ਵਿਚ ਸਵਾਰ ਕੁਝ ਨਿਹੰਗਾਂ ਵਲੋਂ ਪਹਿਲਾਂ ਮੰਡੀ ਵਿਚ ਹੰਗਾਮਾ ਕੀਤਾ ਗਿਆ ਤੇ ਪੁਲਿਸ ਟੀਮ ਵਲੋਂ ਰੋਕਣ 'ਤੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਗਿਆ।
File Photo
ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ਵਿਚ ਉਸ ਸਮੇਂ ਡਿਊਟੀ 'ਤੇ ਤਾਇਨਾਤ ਏਐੱਸਆਈ ਹਰਜੀਤ ਸਿੰਘ ਦਾ ਹੱਥ ਗੁੱਟ ਨਾਲੋਂ ਵੱਖ ਹੋ ਗਿਆ ਸੀ ਜਦੋਂਕਿ ਥਾਣਾ ਮੁਖੀ ਬਿੱਕਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ। ਇਸ ਸਬੰਧੀ ਥਾਣਾ ਸਦਰ ਪੁਲਿਸ ਵਲੋਂ ਮੁਲਜ਼ਮ ਬਲਵਿੰਦਰ ਸਿੰਘ, ਜਗਮੀਤ ਸਿੰਘ, ਅਜੈਬ ਸਿੰਘ ਉਰਫ਼ ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਉਰਫ਼ ਗਿੱਪੀ ਵਿਰੁਧ ਚਾਰਜਸ਼ੀਟ ਦਾਖ਼ਲ ਕਰ ਦਿਤੀ ਗਈ ਹੈ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵਲੋਂ ਕੀਤੀ ਗਈ ਜਾਂਚ ਵਿਚ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਰੋਲ ਨਾ ਨਿਭਾਉਣ ਵਾਲੀ ਔਰਤ ਸਮੇਤ ਹੋਰਾਂ ਨੂੰ ਮਾਮਲੇ ਵਿਚੋਂ ਬਰੀ ਕਰਵਾ ਦਿਤਾ ਸੀ। ਇਸ ਮਾਮਲੇ ਵਿਚ ਥਾਣਾ ਪਸਿਆਣਾ ਵਲੋਂ ਡੇਰੇ ਵਿਚੋਂ ਬਰਾਮਦ ਹੋਏ ਅਸਲੇ ਤੇ ਹੋਰ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਚਾਰਜਸ਼ੀਟ ਵੱਖ ਤੋਂ ਦਾਇਰ ਕੀਤੀ ਜਾਣੀ ਹੈ।