
ਫ਼ੌਜ ਦੀ ਮਦਦ ਮੰਗੀ ਗਈ, ਸਤਲੁਜ-ਯਮੁਨਾ ਲਿੰਕ ਨਹਿਰ ’ਚ ਪਾੜ ਪੈਣ ਕਾਰਨ ਉਫ਼ਾਨ ’ਤੇ
ਪਟਿਆਲਾ: ਪੰਜਾਬ ਦਾ ਪਟਿਆਲਾ ਜ਼ਿਲ੍ਹਾ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਥਿਕਾਰੀਆਂ ਨੇ ਵਧਦੇ ਸੰਕਟ ਨਾਲ ਨਜਿੱਠਣ ਲਈ ਫ਼ੌਜ ਦੀ ਮਦਦ ਮੰਗੀ ਹੈ।
ਅਧਿਕਾਰੀਆਂ ਨੇ ਨੇ ਦਸਿਆ ਕਿ ਇਥੇ ਮੀਂਹ ਦਾ ਪਾਣੀ ਰਾਜਪੁਰਾ ਥਰਮਲ ਪਾਵਰ ਪਲਾਂਟ ’ਚ ਵੜ ਗਿਆ, ਜਿਸ ਕਾਰਨ ਪਲਾਂਟ ਦੀ 700 ਮੈਗਾਵਾਟ ਦੀ ਇਕ ਇਕਾਈ ਨੂੰ ਬੰਦ ਕਰਨਾ ਪਿਆ।
ਅਧਿਕਾਰੀਆਂ ਨੇ ਜ਼ਿਲ੍ਹੇ ਦੇ ਵਧਦੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਐਨ.ਡੀ.ਆਰ.ਐਫ਼. ਅਤੇ ਸੂਬਾ ਬਿਪਤਾ ਬਚਾਅ ਫ਼ੋਰਸ (ਐਸ.ਡੀ.ਆਰ.ਐਫ਼.) ਦੀਆਂ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਤੈਨਾਤ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਰਾਜਪੁਰਾ ਸ਼ਹਿਰ ’ਚ ਸਤਲੁਜ-ਯਮੁਨਾ ਲਿੰਕ ਨਹਿਰ ’ਚ ਪਾੜ ਪੈਣ ਕਾਰਨ ਉਫ਼ਾਨ ’ਤੇ ਹੈ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਤੋਂ ਮਦਦ ਮੰਗੀ ਹੈ।
ਪਟਿਆਲਾ ਦੀ ਉਪਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਸਿਆ ਕਿ ਰਾਜਪੁਰਾ ਦੇ ਇਕ ਨਿਜੀ ਹਸਪਤਾਲ ’ਚ ਐਤਵਾਰ ਨੂੰ ਹੜ੍ਹਾਂ ਦਾ ਪਾਣੀ ਵੜ ਗਿਆ ਸੀ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਹੋਰ ਹਸਪਤਾਲਾਂ ’ਚ ਭੇਜਿਆ ਗਿਆ।
ਜ਼ਿਲ੍ਹੇ ’ਚ ਫ਼ੌਜ ਦੀ ਮਦਦ ਨਾਲ ਇਕ ਨਿਜੀ ਯੂਨੀਵਰਸਿਟੀ ਤੋਂ ਲਗਭਗ 800 ਵਿਦਿਆਰਥੀਆਂ ਨੂੰ ਸਫ਼ਲਤਾਪੂਰਵਕ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਘੱਗਰ, ਮਾਰਕੰਡਾ, ਪਚੀਸਦਰਾ, ਨਰਵਾਨਾ, ਟਾਂਗਰੀ ਅਤੇ ਪਟਿਆਲਾ ਵਰਗੀਆਂ ਵੱਖੋ-ਵੱਖ ਨਦੀਆਂ ’ਚ, ਉਨ੍ਹਾਂ ਦੀਆਂ ਸਹਾਇਕ ਨਦੀਆਂ ’ਚ ਅਤੇ ਨਹਿਰਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਇਨ੍ਹਾਂ ਨਦੀਆਂ ’ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਨੇੜਲੇ ਪਿੰਡਾਂ ’ਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਅਤੇ ਪ੍ਰਭਾਵਤ ਲੋਕਾਂ ਨੂੰ ਸਮੇਂ ’ਤੇ ਰਾਹਤ ਦੇਣ ਲਈ ਤਤਪਰ ਹਨ। ਇਲਾਕੇ ਦੇ ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਸੜਕਾਂ ਪਾਣੀ ’ਚ ਵਹਿ ਗਈਆਂ, ਅਤੇ ਵੱਡੀ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ ਜਿਸ ਨਾਲ ਪਟਿਆਲਾ ਸ਼ਹਿਰ ਦੇ ਨੇੜੇ ਗੋਪਾਲ ਕਾਲੋਨੀ ਅਤੇ ਅਰਈ ਮਜਾਰੀ ’ਚ ਹੜ੍ਹ ਆ ਗਿਆ।
ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਬਚਾਅ ਮੁਹਿੰਮ ਦਾ ਜਾਇਜ਼ਾ ਲੈਣ ਲਈ ਪ੍ਰਭਾਵਤ ਇਲਾਕਿਆਂ ’ਚ ਪੁੱਜੇ। ਸਥਾਨਕ ਵਿਧਾਇਕ ਅਜੀਤ ਪਾਲ ਸਿੰਘ ਖੋਲੀ ਵੀ ਬਚਾਅ ਕਾਰਜਾਂ ’ਚ ਮਦਦ ਕਰ ਰਹੇ ਹਨ।
ਵਿਰੋਧੀ ਪਾਰਟੀਆਂ ਨੇ ਹਾਲਾਤ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ। ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਨੇ ਸਰਕਾਰ ਨੂੰ ਪ੍ਰਤੀਕਿਰਿਆ ਨੂੰ ਲੈ ਕੇ ਅਸਹਿਮਤੀ ਪ੍ਰਗਟਾਈ ਅਤੇ ਵੱਧ ਅਸਰਦਾਰ ਉਪਾਅ ਕਰਨ ਦਾ ਸੱਦਾ ਦਿਤਾ।
ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਨੂੰ ਜੰਗੀ ਪੱਧਰ ’ਤੇ ਤੁਰਤ ਕਾਰਵਾਈ ਕਰਨੀ ਚਾਹੀਦੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਹੁਣ ਤਕ ਜ਼ਿਲ੍ਹੇ ’ਚ ਕਿਸੇ ਦੀ ਜਾਨ ਜਾਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਵੱਖੋ-ਵੱਖ ਹਿੱਸਿਆਂ ’ਚ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦੀ ਖਦਸ਼ਾ ਹੈ।