
ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ
Jalandhar West By-Election : ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਦੁਪਹਿਰ 1 ਵਜੇ ਤੱਕ 34.04 ਫੀਸਦੀ ਵੋਟਿੰਗ ਹੋਈ ਹੈ। ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ।
ਜਿਸ ਵਿੱਚ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਇਹ ਸੀਟ ਜਿੱਤੀ ਸੀ।
ਇਸ ਦੌਰਾਨ ਭਾਜਪਾ ਉਮੀਦਵਾਰ ਨੇ ਪੋਲਿੰਗ ਬੂਥ ਦੇ ਬਾਹਰ ਹੰਗਾਮਾ ਕੀਤਾ ਹੈ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਰੋਪ ਲਾਇਆ ਕਿ ਆਮ ਆਦਮੀ ਪਾਰਟੀ ਨੇ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਹੈ। ਆਮ ਆਦਮੀ ਪਾਰਟੀ ਕੋਲ ਸ਼ਹਿਰ ਵਿੱਚ ਵਰਕਰ ਖ਼ਤਮ ਹੋ ਗਏ ਹਨ।
ਭਾਜਪਾ ਉਮੀਦਵਾਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਕਤਲ ਹੋ ਸਕਦਾ ਹੈ। ਮੇਰੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਮੈਂ ਡਰਨ ਵਾਲਾ ਨਹੀਂ ਕਿਉਂਕਿ ਸਾਰਾ ਜਲੰਧਰ ਮੇਰੇ ਨਾਲ ਖੜ੍ਹਾ ਹੈ।
ਓਧਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਜਲੰਧਰ ਵੈਸਟ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸ਼ਾਂਤੀਪੂਰਵਕ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਹੁੰਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ।