
ਫਰੀਦਕੋਟ ਸ਼ਹਿਰ ਅੰਦਰ ਵੱਖ ਵੱਖ ਬੈਂਕਾਂ ਵੱਲੋਂ ਸ਼ਹਿਰ ਦੇ ਹਰੇਕ ਕੋਨੇ 'ਚ ਲਾਏ ਗਏ ਏ.ਟੀ.ਐਮ.ਵਿਚੋਂ ਨਕਲੀ ਨੋਟ ਨਿਕਲਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ.......
ਫ਼ਰੀਦਕੋਟ : ਫਰੀਦਕੋਟ ਸ਼ਹਿਰ ਅੰਦਰ ਵੱਖ ਵੱਖ ਬੈਂਕਾਂ ਵੱਲੋਂ ਸ਼ਹਿਰ ਦੇ ਹਰੇਕ ਕੋਨੇ 'ਚ ਲਾਏ ਗਏ ਏ.ਟੀ.ਐਮ.ਵਿਚੋਂ ਨਕਲੀ ਨੋਟ ਨਿਕਲਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਨਕਲੀ ਨੋਟ ਨਿਕਲਣ ਤੋਂ ਬਾਅਦ ਖਪਤਕਾਰ ਨੂੰ ਅਣਕਿਆਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਸ਼ਹਿਰ ਦੀ ਵਸਨੀਕ ਹਰਭਜਨ ਕੌਰ ਪਤਨੀ ਬਲਵਿੰਦਰ ਸਿੰਘ ਢਿੱਲੋਂ ਸਾਬਕਾ ਪੁਲਿਸ ਮੁਲਾਜਮ ਨੇ ਦੱਸਿਆ ਕਿ 7 ਅਗਸਤ ਨੂੰ ਘਰੇਲੂ ਸਮਾਨ ਦੀ ਖ੍ਰੀਦਦਾਰੀ ਕਰਨ ਲਈ ਐਸਬੀਆਈ ਨੇੜੇ ਬਾਬਾ ਫ਼ਰੀਦ ਕੋਲ ਲੱਗੇ ਏ.ਟੀ.ਐਮ ਵਿਚੋਂ 5000 ਰੁਪਏ ਕਢਵਾਏ ਤਾਂ 2000 ਰੁਪਏ ਦਾ ਨਕਲੀ ਨੋਟ ਮਸ਼ੀਨ ਵਿਚੋਂ ਨਿਕਲ ਆਇਆ
ਜਿਸਦੀ ਜਾਣਕਾਰੀ ਤੁਰੰਤ ਸਬੰਧਤ ਬੈਂਕ ਅਧਿਕਾਰੀਆਂ ਨੂੰ ਦਿੱਤੀ ਪਰ ਉਨ੍ਹਾਂ ਨਕਲੀ ਨੋਟ ਏ.ਟੀ.ਐਮ ਵਿਚੋਂ ਨਿਕਲਣ ਦੇ ਮਾਮਲੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਕਰਨ ਤੋਂ ਕੋਰੀ ਨਾਹ ਕਰ ਦਿੱਤੀ। ਪੀੜਤ ਅਨੁਸਾਰ ਫ਼ਰੀਦਕੋਟ ਸ਼ਹਿਰ ਅੰਦਰ ਲੱਗੇ ਏ.ਟੀ.ਐਮ ਵਿਚੋਂ ਨਕਲੀ ਨੋਟ ਨਿਕਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀ, ਇਸ ਤੋਂ ਪਹਿਲਾਂ ਵੀ ਇਕ ਔਰਤ ਨੇ ਜਦ ਸਰਕੂਲਰ ਰੋਡ 'ਤੇ ਲੱਗੇ ਏ.ਟੀ.ਐਮ ਵਿਚੋਂ ਪੈਸੇ ਕਢਵਾਏ ਤਾਂ 2000 ਦਾ ਜਾਅਲੀ ਨੋਟ ਨਿਕਲਿਆ ਸੀ, ਇਸ ਤੋਂ ਥੋੜੇ ਦਿਨ ਬਾਅਦ ਹੀ ਇਕ ਹੋਰ ਨੌਜਵਾਨ ਨੂੰ 2000 ਦਾ ਫਟਿਆ ਪੁਰਾਣਾ ਨੋਟ ਨਿਕਲਿਆ
ਤੇ ਹੁਣ ਫਿਰ ਨਿਊ ਕੈਂਟ ਰੋਡ ਵਾਸੀ ਔਰਤ ਨੂੰ 2000 ਰੁਪਏ ਦਾ ਜਾਅਲੀ ਨੋਟ ਏ.ਟੀ.ਐਮ ਵਿਚੋਂ ਹੀ ਨਿਕਲਿਆ, ਜਿਸ ਦੀ ਜਾਂਚ ਹੋਣੀ ਅਤਿ ਜਰੂਰੀ ਹੈ ਤਾਂ ਜੋ ਸਾਰੇ ਮਾਮਲੇ ਦਾ ਪਰਦਾਫਾਸ਼ ਹੋ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਏ.ਟੀ.ਐਮ ਵਿਚੋਂ ਨਿੱਕਲਦੇ ਨਕਲੀ ਨੋਟਾਂ ਦੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਰਾਜੀਵ ਪਰਾਸਰ ਸਮੇਤ ਐਸ.ਐਸ.ਪੀ.ਫ਼ਰੀਦਕੋਟ ਤੋਂ ਇਲਾਵਾ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਜਾਵੇਗੀ ਤਾਂ ਜੋ ਸਬੰਧਤ ਬੈਂਕ ਅਧਿਕਾਰੀਆਂ ਤੋਂ ਪੁੱਛਗਿੱਛ ਉਪਰੰਤ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਹੋ ਸਕੇ।