
ਯੂ.ਟੀ. ਪ੍ਰਸ਼ਾਸਨ ਵਲੋਂ 15 ਅਗੱਸਤ ਅਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਪ੍ਰੇਡ ਗਰਾਊਂਡ ਸੈਕਟਰ-17 ਵਿਚ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ.............
ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਵਲੋਂ 15 ਅਗੱਸਤ ਅਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਪ੍ਰੇਡ ਗਰਾਊਂਡ ਸੈਕਟਰ-17 ਵਿਚ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਅਜ਼ਾਦੀ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਤਿਰੰਗ ਝੰਡਾ ਲਹਿਰਾਉਣਗੇ ਅਤੇ ਪੁਲਿਸ ਦੀ ਪਰੇਡ ਤੋਂ ਸਲਾਮੀ ਵੀ ਲੈਣਗੇ।ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਆਪੋ-ਅਪਣੇ ਖੇਤਰ ਵਿਚ ਵਿਲੱਖਣ ਕਾਰਗੁਜ਼ਾਰੀ ਵਿਖਾਉਣ 'ਤੇ ਸਨਮਾਨਤ ਕੀਤਾ ਜਾਵੇਗਾ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਚੰਡੀਗੜ੍ਹ ਪੁਲਿਸ ਵਲੋਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਰੀਹਰਸਲ ਪੂਰੇ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਵਲੋਂ ਪ੍ਰੇਡ ਗਰਾਊਂਡ 'ਚ ਬਣੀ ਸਟੇਜ 'ਤੇ ਵਾਟਰ ਪਰੂਫ਼ ਟੈਂਟ ਤਿਆਰ ਕੀਤਾ ਜਾ ਰਿਹਾ ਹੈ। ਇਸ ਵਾਰ ਚੰਡੀਗੜ੍ਹ ਪੁਲਿਸ ਵਲੋਂ ਲੜਕੀਆਂ ਲਈ ਸਿਰਾਂ 'ਤੇ ਹੈਲਮੇਟ ਪਾਉਣ ਲਈ ਬੇਟੀ ਬਚਾਉ, ਬੇਟੀ ਪੜ੍ਹਾਉ ਵਿਸ਼ੇ 'ਤੇ ਲੇਡੀ ਪੁਲਿਸ ਵਲੋਂ ਸਾਈਕਲਾਂ 'ਤੇ ਵੀ ਰੀਹਰਸਲ ਕੀਤੀ ਗਈ ਤਾਕਿ ਪ੍ਰਸ਼ਾਸਨ ਦੀ ਨੀਤੀ ਅਨੁਸਾਰ ਲੜਕੀਆਂ ਨੂੰ ਸੜਕ ਦੁਰਘਟਨਾਵਾਂ ਤੋਂ ਬਚਾਉਣ ਲਈ ਦੋ ਪਹੀਆਂ ਚਲਾਉਂਦਿਆਂ
ਸਿਰਾਂ 'ਤੇ ਹੈਲਮੇਟ ਪਹਿਨਣਾ ਲਾਜ਼ਮੀ ਕਰਾਰ ਦੇਣ ਮਗਰੋਂ ਲੋਕਾਂ 'ਚ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ। ਮਹਿਲਾ ਪੁਲਿਸ ਦੇ ਵਿਸ਼ੇਸ਼ ਕਦਮ ਨੂੰ ਐਤਕੀ ਪਰੇਡ ਦਾ ਹਿੱਸਾ ਬਣਾਇਆ ਗਿਆ ਹੈ। ਚੰਡੀਗੜ੍ਹ ਦੇ ਪੁਲਿਸ ਮੁਲਾਜ਼ਮਾਂ ਤੇ ਮਹਿਲ ਪੁਲਿਸ ਮੁਲਾਜ਼ਮਾਂ ਵਲੋਂ ਵੀ ਫੁੱਲ ਡਰੈਸ ਰੀਹਰਸਲ ਕੀਤੀ ਗਈ ਤਾਕਿ ਪ੍ਰਸ਼ਾਸਕ ਤੇ ਮੁੱਖ ਮਹਿਮਾਨ ਨੂੰ ਸਲਾਮੀ ਦਿਤੀ ਜਾ ਸਕੇ।