
ਅੱਜ ਇੱਥੇ ਕੁੱਲ ਹਿੰਦ ਏਟਕ ਦੇ ਸੱਦੇ ਤੇ ਜਿਲਾ ਏਟਕ ਪਟਿਆਲਾ ਨਾਲ ਸਬੰਧਤ ਵੱਖ-ਵੱਖ ਜੱਥੇਬੰਦੀਆਂ ਨੇ ਨਹਿਰੂ ਪਾਰਕ ਵਿਖੇ ਇਕੱਠੇ ਹੋਕੇ ਰੈਲੀ ਕਰਨ.............
ਪਟਿਆਲਾ : ਅੱਜ ਇੱਥੇ ਕੁੱਲ ਹਿੰਦ ਏਟਕ ਦੇ ਸੱਦੇ ਤੇ ਜਿਲਾ ਏਟਕ ਪਟਿਆਲਾ ਨਾਲ ਸਬੰਧਤ ਵੱਖ-ਵੱਖ ਜੱਥੇਬੰਦੀਆਂ ਨੇ ਨਹਿਰੂ ਪਾਰਕ ਵਿਖੇ ਇਕੱਠੇ ਹੋਕੇ ਰੈਲੀ ਕਰਨ ਉਪਰੰਤ ਮੋਦੀ ਸਰਕਾਰ ਦੀਆਂ ਮਜਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਬਜਾਰਾਂ ਵਿਚੋਂ ਦੀ ਭਰਤੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ ਮਜਦੂਰਾਂ ਰੋਹ ਭਰਪੂਰ ਜਲੂਸ ਕੱਢਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਮੋਦੀ ਸਰਕਾਰ ਨੂੰ ਮੈਮੋਰੰਡਮ ਦਿੱਤਾ। ਇਸ ਜਲੂਸ ਦੀ ਜਾਣਕਾਰੀ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਜਿਲਾ ਪਟਿਆਲਾ ਏਟਕ ਦੇ ਜਨਰਲ ਸਕੱਤਰ ਸ੍ਰੀ ਉਤਮ ਸਿੰਘ ਬਾਗੜੀ,
ਪੰਜਾਬ ਏਟਕ ਦੀ ਸਕੱਤਰ ਬੀਬੀ ਰਵਿੰਦਰਜੀਤ ਕੌਰ, ਪੰਜਾਬ ਏਟਕ ਦੇ ਆਗੂ ਸ੍ਰੀ ਸਤਨਾਮ ਸਿੰਘ ਛਲੇੜੀ ਅਤੇ ਸ੍ਰੀ ਹਰਭਜਨ ਸਿੰਘ ਪਿਲਖਣੀ ਕਰ ਰਹੇ ਸਨ। ਅੱਜ ਦੇ ਇਸ ਟਰੇਡ ਯੂਨੀਅਨ ਐਕਸ਼ਨ ਪ੍ਰੋਗਰਾਮ ਦਾ ਅਤੇ ਮੰਗਾਂ ਦਾ ਜਿਕਰ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁੱਲ ਹਿੰਦ ਏਟਕ ਵੱਲੋਂ 9 ਅਗਸਤ ਤੋਂ 18 ਸਤੰਬਰ ਤੱਕ ਲਗਾਤਾਰ ਹਿੰਦੋਸਤਾਨ ਦੀ ਮਜਦੂਰ ਜਮਾਤ ਵੱਲੋਂ ਮੋਦੀ ਸਰਕਾਰ ਦੀਆਂ ਅੱਤ ਦੀਆਂ ਲੋਕ ਵਿਰੋਧੀ, ਮਜਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੇ ਵਿਰੁੱਧ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ।
ਜਿਹੜਾ ਕਿ ਅੱਜ 9 ਅਗਸਤ ਨੂੰ ਸਾਰੇ ਹਿੰਦੋਸਤਾਨ ਦੇ ਜਿਲਾ ਹੈਡ ਕੁਆਟਰਾਂ ਤੇ ਰੋਸ ਰੈਲੀਆਂ ਅਤੇ ਮੁਜਾਹਰਿਆਂ ਦੇ ਰੂਪ ਵਿੱਚ ਸ਼ੁਰੂ ਕੀਤਾ ਹੈ। ਏਟਕ ਵੱਲੋਂ ਮੁੱਖ ਨਾਅਰਾ ਦਿੱਤਾ ਗਿਆ ਹੈ ਕਿ ਮੋਦੀ ਹਟਾਓ, ਮਜਦੂਰ ਬਚਾਓ, ਦੇਸ਼ ਬਚਾਓ। ਨਹਿਰੂ ਪਾਰਕ ਵਿਖੇ ਇਕੱਤਰ ਹੋਏ ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਦੇਸ਼ ਵਿਰੋਧੀ ਅਤੇ ਮਜਦੂਰ ਵਿਰੋਧੀ ਆਰਥਕ ਨੀਤੀਆਂ ਤੇ ਅਮਲ ਕਰਦਿਆਂ ਦੇਸ਼ ਦਾ ਭਾਰੀ ਨੁਕਸਾਨ ਕੀਤਾ ਹੈ।
ਆਮ ਜਨਤਾ ਦੀ ਆਮਦਨ ਨੂੰ ਭਾਰੀ ਖੋਰਾ ਲੱਗਾ ਹੈ, ਗਰੀਬੀ ਅਤੇ ਬੇਰੁਜਗਾਰੀ ਵਿੱਚ ਭਾਰੀ ਵਾਧਾ ਹੋਇਆ ਹੈ, ਪਬਲਿਕ ਸੈਕਟਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਵਿਦਿਆ ਅਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ, ਮਜਦੂਰਾਂ ਦੀ ਘੱਟੋ-ਘੱਟ ਉਜਰਤ 24000/- ਰੁਪਏ ਕੀਤੀ ਜਾਣੀ ਚਾਹੀਦੀ ਹੈ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ,
ਮਨਰੇਗਾ ਕਾਨੂੰਨ ਤਹਿਤ ਕੰਮ 200 ਦਿਨਾ ਤੱਕ ਮਿਲਣ ਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ।, ਸਕੀਮ ਵਰਕਰਾਂ ਦੇ ਸਾਲਾ ਬੱਧੀ ਆਰਥਕ ਸ਼ੋਸ਼ਣ ਦਾ ਸਿਲਸਿਲਾ ਜਾਰੀ ਹੈ। ਧਾਲੀਵਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਜਦੂਰਾਂ ਵੱਲੋਂ ਹੋਰ ਐਕਸ਼ਲ ਵੀ ਕੀਤੇ ਜਾਣਗੇ, ਅਤੇ ਮੋਦੀ ਸਰਕਾਰ ਨੂੰ ਫਿਰਕਾਪ੍ਰਸਤ ਅਤੇ ਲੋਕ ਵਿਰੋਧੀ ਆਰਥਕ ਨੀਤੀਆਂ ਤੋਂ ਪਿੱਛੇ ਹੱਟਣ ਲਈ ਮਜਬੂਰ ਕੀਤਾ ਜਾਵੇਗਾ।