
ਰਾਸ਼ਟਰਮੰਡਲ ਖੇਡਾਂ ਦੀ ਰੰਗਾਰੰਗ ਸਮਾਰੋਹ ਨਾਲ ਸਮਾਪਤੀ, ਭੰਗੜਾ ਅਤੇ ਅਪਾਚੇ ਇੰਡੀਅਨ ਨੇ ਬੰਨਿ੍ਹਆ ਸਮਾਂ
ਬਰਮਿੰਘਮ, 9 ਅਗੱਸਤ : ਭੰਗੜੇ ਦੀ ਥਾਪ ਤੋਂ ਲੈ ਕੇ 'ਅਪਾਚੇ ਇੰਡੀਅਨ' ਦੇ ਦਮਦਾਰ ਪ੍ਰਦਰਸ਼ਨ ਨੇ ਇਥੇ ਅਲੈਗਜ਼ੈਂਡਰ ਸਟੇਡੀਅਮ ਵਿਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ 'ਚ ਸਮਾਂ ਬੰਨ੍ਹ ਦਿਤਾ ਜਿਸ ਦੇ ਨਾਲ ਹੀ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਵਿਚ ਮਿਲਣ ਦੇ ਵਾਅਦੇ ਦੇ ਨਾਲ ਖਿਡਾਰੀਆਂ ਨੇ 11 ਦਿਨਾਂ ਤਕ ਚੱਲੀਆਂ ਇਨ੍ਹਾਂ ਖੇਡਾਂ ਨੂੰ ਅਲਵਿਦਾ ਕਹਿ ਦਿਤਾ | ਬਰਮਿੰਘਮ ਖੇਡਾਂ ਵਿਚ 72 ਦੇਸ਼ਾਂ ਦੇ 4500 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ |
ਰਿਵਾਇਤ ਅਨੁਸਾਰ ਰਾਸ਼ਟਰਮੰਡਲ ਖੇਡ ਮਹਾਸੰਘ ਦਾ ਝੰਡਾ ਉਤਾਰ ਕੇ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਨੂੰ ਸੌਂਪ ਦਿਤਾ ਗਿਆ, ਜੋ ਕਿ 2026 ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ | ਪਿ੍ੰਸ ਐਡਵਰਡ ਨੇ ਬਰਮਿੰਘਮ 2022 ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ ਅਤੇ 2026 ਰਾਸ਼ਟਰਮੰਡਲ ਖੇਡਾਂ ਲਈ ਆਸਟ੍ਰੇਲੀਆਈ ਰਾਜ ਵਿਕਟੋਰੀਆ ਨੂੰ ਰਸਮੀ ਸੱਦਾ ਪੱਤਰ ਸੌਂਪਿਆ | ਉਨ੍ਹਾਂ ਕਿਹਾ, 'ਤੁਸੀਂ ਸਾਨੂੰ ਪ੍ਰੇਰਿਤ ਕੀਤਾ ਅਤੇ ਸੰਭਵਿਤ ਤੌਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ |U ਤੁਸੀਂ ਦਿਖਾਇਆ ਕਿ ਕੀ ਸਾਨੂੰ ਇਕਜੁੱਟ ਕਰ ਸਕਦਾ ਹੈ | ਸਾਡੀ ਸਰਪ੍ਰਸਤ ਮਹਾਰਾਣੀ ਵਲੋਂ ਮੈਂ ਬਰਮਿੰਘਮ 2022 ਖੇਡਾਂ ਦੇ ਸਮਾਪਤੀ ਦਾ ਐਲਾਨ ਕਰਦਾ ਹਾਂ |''
ਖੇਡਾਂ ਦੀ ਸਮਾਪਤੀ ਦੇ ਐਲਾਨ ਦੇ ਨਾਲ ਬਰਮਿੰਘਮ ਦਾ ਆਸਮਾਨ ਆਤਿਸ਼ਬਾਜ਼ੀ ਨਾਲ ਭਰ ਗਿਆ | ਸਮਾਪਤੀ ਸਮਾਰੋਹ ਦਾ ਆਕਰਸ਼ਣ ਭੰਗੜਾ ਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਰਹੇ ਜੋ 'ਅਪਾਚੇ ਇੰਡੀਅਨ' ਦੇ ਨਾਂ ਤੋਂ ਮਸ਼ਹੂਰ ਹਨ | ਉਨ੍ਹਾਂ ਦੇ ਦਿਲਕਸ਼ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸੰਗੀਤ ਸਮਾਰੋਹ ਤੋਂ ਬਾਅਦ, ਰਾਸ਼ਟਰਮੰਡਲ ਖੇਡਾਂ ਦੇ ਪ੍ਰਧਾਨ ਡੇਮ ਲੁਈਸ ਮਾਰਟਿਨ ਅਤੇ ਬਰਮਿੰਘਮ 2022 ਦੇ ਸੀਈਓ ਮਾਰਟਿਨ ਗ੍ਰੀਨ ਨੇ ਵਿਦਾਇਗੀ ਭਾਸ਼ਣ ਦਿਤੇ | (ਏਜੰਸੀ)