
ਕੋਵਿਡ-19 ਵਿਚ ਪਲਾਜ਼ਮਾ ਥੈਰੇਪੀ ਖ਼ਾਸ ਕਾਰਗਰ ਸਾਬਤ ਨਹੀਂ ਹੋ ਰਹੀ : ਅਧਿਐਨ
ਨਵੀਂ ਦਿੱਲੀ, 9 ਸਤੰਬਰ : ਕਾਨਵਲਸੈਂਟ ਪਲਾਜ਼ਮਾ (ਸੀਪੀ) ਥੈਰੇਪੀ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਅਤੇ ਮੌਤ ਦਰ ਨੂੰ ਘੱਟ ਕਰਨ ਵਿਚ ਕੋਈ ਖ਼ਾਸ ਕਾਰਗਰ ਸਾਬਤ ਨਹੀਂ ਹੋ ਰਹੀ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐਮ.ਆਰ.) ਵਲੋਂ ਵਿੱਤ ਪੋਸ਼ਤ ਬਹੁ-ਕੇਂਦਰੀ ਅਧਿਐਨ 'ਚ ਇਹ ਪਾਇਆ ਗਿਆ ਹੈ। ਕੋਵਿਡ-19 ਮਰੀਜਾਂ 'ਤੇ ਸੀਪੀ ਥੈਰੇਪੀ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ 22 ਅਪ੍ਰੈਲ ਤੋਂ 14 ਜੁਲਾਈ ਦਰਮਿਆਨ 39 ਨਿਜੀ ਅਤੇ ਸਰਕਾਰੀ ਹਸਪਤਾਲਾਂ 'ਚ 'ਓਪਨ-ਲੇਬਰ ਪੈਰਲਲ-ਆਰਮ ਫ਼ੇਜ਼ ਦੂਜਾ ਮਲਟੀਸੈਂਟਰ ਰੈਂਡਮਾਈਜਡ ਕੰਟਰੋਲਡ ਟ੍ਰਾਇਲ' (ਪੀਐਲਏਸੀਆਈਡੀ ਟ੍ਰਾਇਲ) ਕੀਤਾ ਗਿਆ। ਸੀਪੀ ਥੈਰੇਪੀ 'ਚ ਕੋਵਿਡ-19 ਤੋਂ ਠੀਕ ਹੋ ਚੁਕੇ ਵਿਅਕਤੀ ਦੇ ਖ਼ੂਨ ਤੋਂ ਐਂਟੀਬਾਡੀਜ਼ ਲੈ ਕੇ ਉਸ ਨੂੰ ਪੀੜਤ ਵਿਅਕਤੀ ਨੂੰ ਚੜ੍ਹਾਇਆ ਜਾਂਦਾ ਹੈ ਤਾਕਿ ਉਸ ਦੇ ਸਰੀਰ ਵਿਚ ਰੋਗ ਨਾਲ ਲੜਨ ਲਈ ਰੋਗ ਵਿਰੋਧੀ ਸਮਰਥਾ ਵਿਕਸਤ ਹੋ ਸਕੇ। ਅਧਿਐਨ 'ਚ ਕੁੱਲ 464 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ।
ਆਈ.ਸੀ.ਐਮ.ਆਰ. ਨੇ ਦਸਿਆ ਕਿ ਕੋਵਿਡ-19 ਲਈ ਆਈ.ਸੀ.ਐਮ.ਆਰ. ਵਲੋਂ ਗਠਿਤ ਰਾਸ਼ਟਰੀ ਕਾਰਜ ਫ਼ੋਰਸ ਨੇ ਇਸ ਅਧਿਐਨ ਦੀ ਸਮੀਖਿਆ ਕਰ ਕੇ ਇਸ ਨਾਲ ਸਹਿਮਤੀ ਜਤਾਈ।
ਕੇਂਦਰੀ ਸਿਹਤ ਮਹਿਕਮੇ ਨੇ 27 ਜੂਨ ਨੂੰ ਜਾਰੀ ਕੀਤੇ ਗਏ ਕੋਵਿਡ-19 ਦੇ 'ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ' ਵਿਚ ਇਸ ਥੈਰੇਪੀ ਨੂੰ ਮਨਜ਼ੂਰੀ ਦਿਤੀ ਸੀ। ਅਧਿਐਨ ਵਿਚ ਕਿਹਾ,''ਸੀਪੀ ਮੌਤ ਦਰ ਨੂੰ ਘੱਟ ਕਰਨ ਅਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਕਰਨ ਵਿਚ ਕੋਈ ਖ਼ਾਸ ਕਾਰਗਰ ਨਹੀਂ ਹੈ।'' ਅਧਿਐਨ ਅਨੁਸਾਰ, ਕੋਵਿਡ-19 ਲਈ ਸੀਪੀ ਦੀ ਵਰਤੋਂ 'ਤੇ imageਸਿਰਫ਼ 2 ਪ੍ਰੀਖਣ ਪ੍ਰਕਾਸ਼ਤ ਕੀਤੇ ਗਏ ਹਨ, ਇਕ ਚੀਨ ਤੋਂ ਅਤੇ ਦੂਜਾ ਨੀਦਰਲੈਂਡ ਤੋਂ। ਇਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ 'ਚ ਇਸ ਨੂੰ ਰੋਕ ਦਿਤਾ ਗਿਆ ਸੀ। (ਪੀਟੀਆਈ)