
ਪੰਥ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਬਾਦਲਾਂ ਨੇ ਹੀ ਕੀਤਾ ਪੰਥ ਦਾ ਘਾਣ : ਮੰਡ
ਕੋਟਕਪੂਰਾ : ਭਾਵੇਂ ਪਿਛਲੇ ਸਮੇਂ 'ਚ ਵੀ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਹੋਰ ਸੀਨੀਅਰ ਅਕਾਲੀ ਆਗੂ ਵਲੋਂ ਦਿਤੇ ਗਏ ਵਿਵਾਦਤ ਬਿਆਨ ਉਨ੍ਹਾਂ ਦੇ ਹੀ ਗਲੇ ਦੀ ਹੱਡੀ ਬਣ ਗਏ ਪਰ ਉਸ ਤੋਂ ਸਬਕ ਸਿੱਖਣ ਦੀ ਬਜਾਇ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦਾ ਅਜਿਹੇ ਵਿਵਾਦਤ ਬਿਆਨ ਦੇਣ ਦਾ ਸਿਲਸਿਲਾ ਜਾਰੀ ਰਖਣਾ ਜਿਥੇ ਆਮ ਲੋਕਾਂ ਲਈ ਹੈਰਾਨੀ ਦਾ ਕਾਰਨ ਬਣ ਰਿਹਾ ਹੈ, ਉਥੇ ਪੰਥਕ ਹਲਕੇ ਅਜਿਹੇ ਹੌਛੇ, ਤੱਥਹੀਣ ਅਤੇ ਬੇਦਲੀਲੇ ਬਿਆਨਾਂ ਬਦਲੇ ਅਕਾਲੀ ਦਲ ਖ਼ਾਸਕਰ ਬਾਦਲ ਪਰਵਾਰ ਨਾਲ ਨਰਾਜ਼ ਹੋ ਰਹੇ ਹਨ।
ਮੀਡੀਏ ਦੀ ਆਜ਼ਾਦੀ 'ਤੇ ਚੋਟ ਕਰਦਾ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਬੀਬੀ ਜੰਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਪਟਿਆਲਾ ਰੈਲੀ ਵਿਖੇ ਦਿਤੇ ਵਿਵਾਦਤ ਬਿਆਨ ਨੇ ਪੰਥਕ ਹਲਕਿਆਂ 'ਚ ਹਲਚਲ ਮਚਾ ਦਿਤੀ ਹੈ। ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਸਮੇਤ ਉਘੀਆਂ ਪੰਥਕ ਸ਼ਖ਼ਸੀਅਤਾਂ ਨੇ ਸੁਖਬੀਰ ਬਾਦਲ ਸਮੇਤ ਉਕਤ ਅਕਾਲੀ ਆਗੂਆਂ ਨੂੰ ਜਵਾਬ ਦਿੰਦਿਆਂ ਬੜੀ ਤਿੱਖੀ ਅਤੇ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਸ ਨੂੰ ਲਿਖਣ ਦੀ ਕਲਮ ਇਜਾਜ਼ਤ ਨਹੀਂ ਦਿੰਦੀ।
ਬਰਗਾੜੀ ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਏ ਦੀ ਆਜ਼ਾਦੀ ਵਿਰੁਧ ਬੋਲਣ ਬਦਲੇ ਸੁਖਬੀਰ ਬਾਦਲ ਸਮੇਤ ਉਕਤ ਅਕਾਲੀ ਆਗੂਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਪੋਕਸਮੈਨ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਬਾਦਲਾਂ ਨੇ ਡੇਰੇਦਾਰਾਂ ਅਤੇ ਹੋਰ ਪੰਥ ਵਿਰੋਧੀ ਤਾਕਤਾਂ ਦੀ ਖ਼ੁਸ਼ਾਮਦ ਲਈ ਪੰਥ ਦਾ ਜੋ ਘਾਣ ਕੀਤਾ, ਉਸ ਨੂੰ ਸਪੋਕਸਮੈਨ ਨੇ ਬੜੀ ਨਿਡਰਤਾ, ਨਿਰਪੱਖਤਾ, ਦਲੀਲਾਂ ਨਾਲ ਭਰਪੂਰ ਅਤੇ ਦਲੇਰੀ ਨਾਲ ਪ੍ਰਕਾਸ਼ਤ ਕਰਨ ਦੀ ਜੁਰਅਤ ਦਿਖਾਈ।
ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸਿਰਫ਼ ਉਸ ਮੀਡੀਏ ਦੀ ਲੋੜ ਹੈ ਜੋ ਉਨ੍ਹਾਂ ਦਾ ਗੁਣਗਾਨ ਕਰਦਾ ਹੋਵੇ ਤੇ ਉਨ੍ਹਾਂ ਦੀ ਗੰਦੀ ਸਿਆਸਤ ਨੂੰ ਚਮਕਾਉਣ ਲਈ ਉਨ੍ਹਾਂ ਵਲੋਂ ਬੋਲੇ ਜਾਂਦੇ ਝੂਠ ਨੂੰ ਸੱਚ ਸਾਬਤ ਕਰਨ ਦੇ ਢੰਗ ਤਰੀਕਿਆਂ ਤੋਂ ਵਾਕਫ਼ ਹੋਵੇ। ਇਨਸਾਫ ਮੋਰਚੇ ਵਾਲੇ ਸਮਾਗਮ 'ਚ ਸ਼ਾਮਲ ਗੁਰਸੇਵਕ ਸਿੰਘ ਭਾਣਾ, ਰਣਜੀਤ ਸਿੰਘ ਵਾਂਦਰ, ਬਲਵਿੰਦਰ ਸਿੰਘ ਚਾਨੀ, ਈਸਰ ਸਿੰਘ ਲੰਭਵਾਲੀ, ਮਾ ਜਗਤਾਰ ਸਿੰਘ ਦਬੜੀਖਾਨਾ ਸਮੇਤ ਹੋਰ ਪੰਥਕ ਸ਼ਖ਼ਸੀਅਤਾਂ ਨੇ ਵੀ ਪਟਿਆਲਾ ਰੈਲੀ ਮੌਕੇ ਸੁਖਬੀਰ ਬਾਦਲ ਸਮੇਤ ਹੋਰ ਆਗੂਆਂ ਦੇ ਮੀਡੀਏ ਦੀ ਆਜ਼ਾਦੀ ਵਿਰੁਧ ਦਿਤੇ ਭਾਸ਼ਣ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਆਖਿਆ
ਕਿ ਹੁਣ ਅਕਾਲੀ ਆਗੂਆਂ ਦਾ ਦੇਸ਼ ਵਿਦੇਸ਼ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਤੇ ਉਹ ਬਿਨਾਂ ਸਿਰ-ਪੈਰ ਅਜਿਹੀ ਬਿਆਨਬਾਜ਼ੀ ਕਰ ਕੇ ਸੰਗਤਾਂ ਦੇ ਮਨਾਂ 'ਚ ਭੰਬਲਭੂਸਾ ਪੈਦਾ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ, ਕਿਉਂਕਿ ਹੁਣ ਸੰਗਤਾਂ ਜਾਗਰੂਕ ਹੋ ਚੁਕੀਆਂ ਹਨ ਤੇ ਬਾਦਲਾਂ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।