
ਸਾਲ 2005 ਦਾ ਸਮਾਂ ਇਕ ਅਜਿਹਾ ਸਮਾਂ ਸੀ ਜਦੋਂ ਸ. ਪਰਕਾਸ਼ ਸਿੰਘ ਬਾਦਲ ਦੀ ਪੰਥ ਵਿਚ ਤੂਤੀ ਬੋਲਦੀ ਸੀ ਅਤੇ ਉਨ੍ਹਾਂ ਕੋਲ 'ਜਥੇਦਾਰ' ਨਾਮਕ ਇਕ ਅਜਿਹਾ ਹਥਿਆਰ ਸੀ..........
ਨੰਗਲ : ਸਾਲ 2005 ਦਾ ਸਮਾਂ ਇਕ ਅਜਿਹਾ ਸਮਾਂ ਸੀ ਜਦੋਂ ਸ. ਪਰਕਾਸ਼ ਸਿੰਘ ਬਾਦਲ ਦੀ ਪੰਥ ਵਿਚ ਤੂਤੀ ਬੋਲਦੀ ਸੀ ਅਤੇ ਉਨ੍ਹਾਂ ਕੋਲ 'ਜਥੇਦਾਰ' ਨਾਮਕ ਇਕ ਅਜਿਹਾ ਹਥਿਆਰ ਸੀ ਜਿਸ ਨਾਲ ਸ.ਬਾਦਲ ਅਪਣੇ ਸਿਆਸੀ ਵਿਰੋਧੀਆਂ ਨੂੰ ਅਜਿਹੀ ਮਾਰ ਮਾਰਦੇ ਸਨ ਕਿ ਉਹ ਦੁਨੀਆਂਦਾਰੀ ਵਿਚੋਂ ਹੀ ਖ਼ਤਮ ਹੋ ਜਾਂਦਾ ਸੀ, ਉਹ ਹਥਿਆਰ ਸੀ ਪੰਥ ਵਿਚੋਂ ਛੇਕ ਦੇਣ ਦਾ। ਉਸ ਸਮੇਂ ਹੀ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ 'ਤੇ ਵੀ ਬਾਦਲ ਸਾਹਿਬ ਨੇ ਇਹ ਹਥਿਆਰ ਵਰਤਿਆ ਪਰ ਸ. ਜੋਗਿੰਦਰ ਸਿੰਘ ਨੇ ਈਨ ਨਾ ਮੰਨੀ।
ਕਈ ਪੰਥਕ ਆਗੂਆਂ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਗ਼ਲਤ ਕਰ ਰਿਹਾ ਹੈ ਅਤੇ ਨਾਲ-ਨਾਲ ਇਹ ਵੀ ਕਹਿੰਦੇ ਰਹੇ ਕਿ ਇਕ ਵਾਰ ਆ ਕੇ 'ਜਥੇਦਾਰਾਂ' ਨੂੰ ਮਿਲ ਲਵੇਂ ਅਸੀ ਹੁਕਮਨਾਮਾ ਵਾਪਸ ਲੈ ਲਵਾਂਗੇ। ਹੁਕਮਨਾਮਾ ਜਾਰੀ ਕਰਨ ਵਾਲੇ ਨੇ ਵੀ ਇਕ ਦਿਨ ਕਹਿ ਦਿਤਾ ਕਿ ਹੁਕਮਨਾਮਾ ਗ਼ਲਤ ਸੀ, ਪਰ ਉਸ ਹੁਕਮਨਾਮੇ ਨੂੰ ਵਾਪਸ ਕੌਣ ਕਰੇ ਕਿਉਂਕਿ ਸ. ਬਾਦਲ ਅੱਗੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ। ਦੂਸਰੇ ਪਾਸੇ ਸ. ਜੋਗਿੰਦਰ ਸਿੰਘ ਨੇ ਵੀ ਈਨ ਨਾ ਮੰਨੀ ਅਤੇ ਇਕ ਮਿਸ਼ਨ ਵਾਂਗ ਇਸ ਲੜਾਈ ਨੂੰ ਜਾਰੀ ਰਖਿਆ।
ਉਹ ਹਮੇਸ਼ਾ ਕਹਿੰਦੇ ਸੀ ਕਿ, ''ਮੈਂ ਪੁਜਾਰੀਆਂ ਅੱਗੇ ਨਹੀਂ ਝੁਕਾਂਗਾ'' ਅਤੇ ਕਲ ਵਿਧਾਨ ਸਭਾ ਵਿਚ 'ਜਥੇਦਾਰਾਂ' ਵਿਰੁਧ ਵਿਧਾਇਕ ਹਰਮਿੰਦਰ ਸਿੰੰਘ ਗਿਲ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੋਲਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਸਾਲ 2005 ਵਿਚ ਸਪੋਕਸਮੈਨ ਜ਼ਰੀਏ ਕੌਮ ਨੂੰ ਜਗਾਉਣ ਦਾ ਜੋ ਬੀੜਾ ਚੁਕਿਆ ਸੀ ਅੱਜ ਉਹ ਵਿਧਾਨ ਸਭਾ ਵਿਚ ਵੀ ਸਾਕਾਰ ਪ੍ਰਗਟ ਹੋ ਦਿਸਿਆ ਹੈ ਅਤੇ ਹੁਣ ਬਾਦਲਾਂ ਦੇ 'ਜਥੇਦਾਰਾਂ' ਤੋਂ ਲੋਕਾਂ ਨੂੰ ਸੁਚੇਤ ਕਰਨ ਦੀ ਲਹਿਰ ਇਕ ਲੋਕ ਲਹਿਰ ਬਣ ਗਈ ਹੈ ਅਤੇ ਇਸ ਵਿਚ ਵਿਧਾਇਕ ਤਕ ਸ਼ਾਮਲ ਹੋ ਗਏ ਹਨ।
ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਇਸ 13 ਸਾਲ ਦੇ ਸਫ਼ਰ ਵਿਚ ਕਈ ਮੁਕੱਦਮੇ ਬਾਦਲਾਂ ਵਲੋਂ ਕੀਤੇ ਗਏ। ਕਈ ਥਾਈਂ ਸ਼੍ਰੋਮਣੀ ਕਮੇਟੀ ਵਲੋਂ ਕੇਸ ਕੀਤੇ ਗਏ, ਪਰ ਇਸ ਗੁਰੂ ਨਾਨਕ ਦੇ ਸਿਦਕੀ ਸਿੱਖ ਦੀ 76 ਸਾਲ ਉਮਰ ਤੇ ਦੋ ਮੇਜਰ ਬਾਈਪਾਸ ਸਰਜਰੀਆਂ ਹੋ ਚੁਕੀਆਂ ਹਨ, ਦੇ ਬਾਵਜੂਦ ਈਨ ਨਹੀਂ ਮੰਨੀ। ਇਥੇ ਹੀ ਬੱਸ ਨਹੀਂ ਬਾਦਲਾਂ ਦੇ ਇਨ੍ਹਾਂ 'ਜਥੇਦਾਰਾਂ' ਦੇ ਮਾਰੇ ਗਏ ਹੁਕਮਨਾਮੇ ਰੂਪੀ ਡੰਡੇ ਦਾ ਸਪੋਕਸਮੈਨ ਨੂੰ ਹੁਣ ਤਕ ਲਗਭਗ 300 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਬੀਤੇ ਦਿਨ ਵਿਧਾਨ ਸਭਾ ਵਿਚ ਜਿਥੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਉਹ ਇਨ੍ਹਾਂ 'ਜਥੇਦਾਰਾਂ' ਦੀ ਪ੍ਰਵਾਹ ਨਹੀਂ ਕਰਦੇ
ਉਥੇ ਹੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਾਂ ਅਕਾਲ ਤਖ਼ਤ ਦੇ ਪੁਜਾਰੀ ਅਤੇ ਬਾਦਲ ਦੇ ਤਨਖ਼ਾਹਦਾਰ ਗਿਆਨੀ ਗੁਰਬਚਨ ਸਿੰਘ ਦੇ ਰੱਜ ਕੇ ਬਖੀਏ ਉਧੇੜੇ। ਉਨ੍ਹਾਂ ਵਲੋਂ ਦਿਤਾ ਗਿਆ ਭਾਸ਼ਣ ਅੱਜ ਸੋਸ਼ਲ ਮੀਡੀਆਂ 'ਤੇ ਵੀ ਖੂਬ ਘੁੰਮਿਆ। ਉਨ੍ਹਾਂ ਦਸਿਆ ਕਿ ਗੁਰਬਚਨ ਸਿੰਘ ਦੀ ਮੁਕਤਸਰ ਸਾਹਿਬ ਦੇ ਗੁਰਦਵਾਰੇ ਵਿਚ ਬਰਛਾ ਫੜਨ ਦੀ ਡਿਊਟੀ ਸੀ ਜਦੋਂ ਕਿ ਉਸ ਦਾ ਲੜਕਾ ਕਛਿਹਰੇ ਵੇਚਦਾ ਸੀ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਦੇ ਕੇ ਬਾਦਲ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਜ਼ਿਲ੍ਹਾ ਪ੍ਰੀਸ਼ਦ ਵਿਚ ਇਸ ਦਾ ਮੁੰਡਾ ਮੈਂਬਰ ਬਣਿਆ। ਬਰੀਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ ਤੇ ਹੋਟਲਾਂ ਦਾ ਮਾਲਕ ਹੋਇਆ। ਬਾਦਲਾਂ ਦੇ ਤਨਖ਼ਾਹਦਾਰ ਇਨ੍ਹਾਂ 'ਜਥੇਦਾਰਾਂ' ਵਿਰੁਧ ਇਸ ਤਰ੍ਹਾਂ ਨਾਲ ਇਕ ਲੋਕ ਲਹਿਰ ਚਲਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਸ. ਜੋਗਿੰਦਰ ਸਿੰਘ ਅਤੇ ਸਪੋਕਸਮੈਨ ਲੋਕਾਂ ਨੂੰ ਜਗਾਉਣ ਦਾ ਕੀਤਾ ਗਿਆ ਉਪਰਾਲਾ ਸਫ਼ਲ ਰਿਹਾ ਹੈ। ਦਸਣਾ ਬਣਦਾ ਹੈ ਕਿ ਭਾਵੇਂ ਸੌਦਾ ਸਾਧ ਹੋਵੇ, ਭਨਿਆਰਾ, ਆਸ਼ੂਤੋਸ਼ ਅਤੇ ਹੋਰ ਕਈ ਪਖੰਡੀਆਂ ਦੇ ਜਿਥੇ ਸਪੋਕਸਮੈਨ ਨੇ ਬਿਨਾਂ ਕਿਸੇ ਲਾਲਚ ਦੇ ਪਾਜ ਉਘੇੜੇ ਉਥੇ ਹੀ ਅਪਣੇ ਆਪ ਨੂੰ ਪੰਜਾਬੀ ਅਤੇ ਪੰਜਾਬੀਆਂ ਲਈ ਜ਼ਿੰਮੇਵਾਰ ਦਸਣ ਵਾਲੀਆਂ ਅਖ਼ਬਾਰਾਂ ਚੁੱਪ ਰਹੀਆਂ।