
ਸ੍ਰੀ ਦਰਬਾਰ ਸਾਹਿਬ ਵਿਖੇ ਖ਼ਿਮਾ ਯਾਚਨਾ ਦੀ ਅਰਦਾਸ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਵਿਚ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ...
ਅੰਮ੍ਰਿਤਸਰ (ਭਾਸ਼ਾਓ) : ਸ੍ਰੀ ਦਰਬਾਰ ਸਾਹਿਬ ਵਿਖੇ ਖ਼ਿਮਾ ਯਾਚਨਾ ਦੀ ਅਰਦਾਸ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਵਿਚ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਹ ਇੱਥੇ ਗੁਰੂ ਸਾਹਿਬ ਅੱਗੇ ਅਪਣੀਆਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਦੀ ਅਰਦਾਸ ਲਈ ਆਏ ਸਨ। ਇਸ ਲਈ ਉਹ ਕਿਸੇ ਸਿਆਸੀ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਕਰਨਗੇ, ਪਰ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁਛਿਆ ਕਿ ਉਹ ਕਿਸ ਭੁੱਲ ਦੀ ਮੁਆਫ਼ੀ ਮੰਗਣ ਆਏ ਸਨ, ਤਾਂ ਪੱਤਰਕਾਰਾਂ ਦੇ ਸਵਾਲਾਂ ਤੋਂ ਭੜਕੇ ਬਾਦਲ ਨੇ ਝੱਟ ਆਖ ਦਿਤਾ ''ਮੈਂ ਗੁਰੂ ਨੂੰ ਕੋਈ ਲਿਸਟ ਤਾਂ ਨ੍ਹੀਂ ਦੇਣੀ।
ਇਸ ਮਗਰੋਂ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਹੋਰ ਕਈ ਸਵਾਲ ਪੁੱਛਣੇ ਚਾਹੇ ਤਾਂ ਪ੍ਰਕਾਸ਼ ਸਿੰਘ ਬਾਦਲ ਵਾਰ-ਵਾਰ ਪੱਤਰਕਾਰਾਂ ਨੂੰ ਟਾਲਦੇ ਰਹੇ। ਆਖਰ ਵਿਚ ਉਨ੍ਹਾਂ ਪੱਤਰਕਾਰਾਂ ਨੂੰ ਹੱਥ ਜੋੜ ਕੇ ਆਖ ਦਿਤਾ ਕਿ ''ਅੱਜ ਤੁਸੀਂ ਵੀ ਸਾਡੇ 'ਤੇ ਰਹਿਮ ਕਰੋ। ਤੁਹਾਡੇ ਕੋਲੋਂ ਵੀ ਮੁਆਫ਼ੀ ਮੰਗਦੇ, ਅੱਜ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਵਾ ਲਓ। ਇਸ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਉਲਝਣ ਲਗਦੇ ਤਾਂ ਉਨ੍ਹਾਂ ਦੇ ਨੇੜੇ ਬੈਠੇ ਸਿਆਸੀ ਸਲਾਹਕਾਰ ਹਰਚਰਨ ਸਿੰਘ ਬੈਂਸ ਝੱਟ ਬਾਦਲ ਸਾਬ੍ਹ ਦੇ ਕੰਨ 'ਚ ਬੋਲ ਕੇ ਉਨ੍ਹਾਂ ਦੇ ਮੂੰਹ 'ਚ ਬੋਲ ਪਾਉਂਦੇ ਵੀ ਨਜ਼ਰ ਆਏ।
ਪੂਰੀ ਪ੍ਰੈੱਸ ਕਾਨਫਰੰਸ ਦੌਰਾਨ ਬਾਦਲ ਪੱਤਰਕਾਰਾਂ ਅੱਗੇ ਹੱਥ ਜੋੜੀਂ ਬੈਠੇ ਰਹੇ, ਭਾਵੇਂ ਕਿ ਪੱਤਰਕਾਰਾਂ ਦੇ ਸਵਾਲ ਜਾਰੀ ਸਨ ਪਰ ਬਾਦਲ ਸਾਬ੍ਹ ਉਠ ਕੇ ਖੜ੍ਹੇ ਹੋ ਗਏ। ਜਦੋਂ ਪੱਤਰਕਾਰਾਂ ਫਿਰ ਕੁੱਝ ਪੁੱਛਣਾ ਚਾਹਿਆ ਤਾਂ ਉਨ੍ਹਾਂ ਨੇੜੇ ਖੜ੍ਹੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਆਖਿਆ ''ਬਾਅਦ 'ਚ ਕਿਹੜਾ ਸੀਐਮ ਸਾਬ੍ਹ ਨੇ ਆਉਣਾ ਨ੍ਹੀਂ, ਬਾਅਦ 'ਚ ਪੁੱਛ ਲਿਓ'' ਸ਼੍ਰੋਮਣੀ ਅਕਾਲੀ ਦਲ ਨੇ ਇਹ ਭੁੱਖ ਬਖ਼ਸਾਓ ਸਮਾਗਮ ਭਾਵੇਂ ਅਕਾਲੀ ਦਲ ਦੀ ਲਗਾਤਾਰ ਡਿਗ ਰਹੀ ਸ਼ਾਖ਼ ਨੂੰ ਬਚਾਉਣ ਲਈ ਕੀਤਾ ਸੀ ਪਰ ਇਸ ਦਾ ਅਕਾਲੀ ਦਲ ਨੂੰ ਕਿੰਨਾ ਕੁ ਫਾਇਦਾ ਹੋ ਸਕੇਗਾ। ਇਹ ਆਉਣ ਵਾਲਾ ਸਮਾਂ ਦੱਸੇਗਾ।