ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਸੇਵਾ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦ ਪੰਜਾਬ ਭਲਾਈ ਬੋਰਡ ਦੇ ਕਰਮਚਾਰੀ ਨੇ ਅਕਾਲੀ ਦਲ...........
ਅੰਮ੍ਰਿਤਸਰ/ਤਰਨਤਾਰਨ : ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਸੇਵਾ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦ ਪੰਜਾਬ ਭਲਾਈ ਬੋਰਡ ਦੇ ਕਰਮਚਾਰੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਮਣੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਿਰੁਧ ਰਿਸ਼ਵਤ ਮੰਗਣ ਦੇ ਦੋਸ਼ ਲਾਉਂਦਿਆਂ ਅਪਣਾ ਕਰੀਅਰ ਖ਼ਰਾਬ ਕਰਨ ਦਾ ਇਲਜ਼ਾਮ ਲਾਇਆ। ਜਦ ਨਿਰਮਲ ਸਿੰਘ ਨਾਮਕ ਇਹ ਵਿਅਕਤੀ ਦੋਸ਼ ਲਾ ਰਿਹਾ ਸੀ ਤਾਂ ਬਾਦਲ ਪਿਉ ਪੁੱਤਰ ਚੁੱਪ-ਚਾਪ ਮੰਤਰੀ ਦੀ 'ਕਾਰਗੁਜ਼ਾਰੀ' ਬਾਰੇ ਸੁਣਦੇ ਰਹੇ।
ਇਸੇ ਦੌਰਾਨ ਕਮੇਟੀ ਅਧਿਕਾਰੀਆਂ ਨੇ ਟਾਸਕ ਫ਼ੋਰਸ ਦੀ ਮਦਦ ਨਾਲ ਨਿਰਮਲ ਸਿੰਘ ਨੂੰ ਲੰਗਰ ਹਾਲ ਵਿਚੋਂ ਕੱਢ ਦਿਤਾ। ਨਿਰਮਲ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਉਹ ਪੰਜਾਬ ਭਲਾਈ ਬੋਰਡ ਦੇ ਅੰਮ੍ਰਿਤਸਰ ਦਫ਼ਤਰ ਵਿਚ ਤੈਨਾਤ ਸੀ ਅਤੇ ਉਹ ਰਿਟਾਇਰਮੈਟ ਦੇ ਕਿਨਾਰੇ ਸੀ। ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਅਪਣੇ ਕਾਰਿੰਦੇ ਰਾਹੀਂ ਉਸ ਕੋਲੋਂ 50 ਹਜ਼ਾਰ ਰੁਪਏ ਮਹੀਨਾ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਹ ਇਹ ਰਕਮ ਹਰ ਮਹੀਨੇ ਦਿੰਦਾ ਹੈ ਤਾਂ ਉਸ ਨੂੰ ਭ੍ਰਿਸ਼ਟਾਚਾਰ ਕਰਨ ਦੀ ਖੁਲ੍ਹ ਹੋਵੇਗੀ।
ਨਿਰਮਲ ਸਿੰਘ ਨੇ ਦਸਿਆ ਕਿ ਉਸ ਨੇ ਮੰਤਰੀ ਦੇ ਕਾਰਿੰਦੇ ਨੂੰ ਇਨਕਾਰ ਕਰ ਦਿਤਾ ਜਿਸ ਤਂੋ ਬਾਅਦ ਉਸ ਲਈ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਵੇਲੇ ਦੇ ਮੰਤਰੀ ਨੇ ਪਹਿਲਾਂ ਉਸ ਵਿਰੁਧ ਝੂਠੇ ਦੋਸ਼ ਲਾਉਂਦਿਆਂ ਸ਼ਿਕਾਇਤਾਂ ਕਰਵਾਈਆਂ ਤੇ ਫਿਰ ਮਾਮਲਾ ਵਿਜੀਲੈਸ ਨੂੰ ਦੇ ਦਿਤਾ। ਉਨ੍ਹਾਂ ਕਿਹਾ ਕਿ ਮੰਤਰੀ ਦੀ ਧੱਕੇਸ਼ਾਹੀ ਕਾਰਨ ਉਸ ਦੇ ਸਾਰੇ ਫ਼ੰਡ ਉਸ ਨੂੰ ਨਹੀਂ ਮਿਲ ਸਕੇ ਤੇ ਉਹ ਪੈਨਸ਼ਨ ਤੋਂ ਵੀ ਵਾਂਝਾ ਹੈ।
ਉਸ ਨੇ ਕਿਹਾ ਕਿ ਉਸ ਨੇ ਬਾਦਲਾਂ ਨਾਲ ਆਪਣੀ ਵਿਥਿਆ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦ ਹਰਸਿਮਰਤ ਕੌਰ ਬਾਦਲ ਜੋੜੇ ਘਰ ਵਿਚ ਸੇਵਾ ਕਰ ਰਹੇ ਸਨ ਤਾਂ ਉਨ੍ਹਾਂ ਅਪਣੀ ਗੱਲ ਬੀਬੀ ਬਾਦਲ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਗੱਲ ਨਹੀਂ ਕਰਨ ਦਿਤੀ।