
ਉਗਰਾਹਾਂ ਜਥੇਬੰਦੀ ਨੇ ਵੀ ਕੇਂਦਰੀ ਪ੍ਰਸਤਾਵ ਕੀਤੇ ਰੱਦ
ਚੰਡੀਗੜ੍ਹ, 9 ਦਸੰਬਰ (ਨੀਲ ਭਲਿੰਦਰ ਸਿੰਘ): ਕਿਸਾਨ ਯੂਨੀਅਨ ਏਕਤਾ (ਉਗਰਾਹ) ਨੇ ਕੇਂਦਰੀ ਹਕੂਮਤ ਵਲੋਂ ਕਿਸਾਨ ਮੰਗਾਂ ਦੇ ਸਬੰਧ ਵਿਚ ਭੇਜੀਆਂ ਪ੍ਰਸਤਾਵਤਾਂ ਨੂੰ ਮੁੱਢੋਂ ਰੱਦ ਕਰ ਦਿਤਾ ਹੈ ਅਤੇ ਇਸ ਨੂੰ ਮੋਦੀ ਸਰਕਾਰ ਦੀ ਘੋਰ ਲੋਕ ਵਿਰੋਧੀ ਪਹੁੰਚ ਕਰਾਰ ਦਿਤਾ ਹੈ। ਮੁਲਕ ਭਰ ਦੇ ਲੋਕਾਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਨਿੱਤਰ ਆਉਣ ਦੇ ਬਾਵਜੂਦ ਵੀ ਇਹ ਹਕੂਮਤ ਕਾਰਪੋਰੇਟਾਂ ਦੀ ਸੇਵਾ ਲਈ ਪੱਬਾਂ ਭਾਰ ਹੋਈ ਖੜ੍ਹੀ ਹੈ। ਯੂਨੀਅਨ ਨੇ ਕਿਹਾ ਹੈ ਕਿ ਜਿਹੜੀਆਂ ਸੋਧਾਂ ਦੀਆਂ ਤਜਵੀਜ਼ਾਂ ਪਿਛਲੀਆਂ ਮੀਟਿੰਗਾਂ ਵਿਚ ਕੇਂਦਰੀ ਖੇਤੀ ਮੰਤਰੀ ਵਲੋਂ ਰੱਖੀਆਂ ਗਈਆਂ ਸਨ। ਉਨ੍ਹਾਂ ਨੂੰ ਹੀ ਲਿਖਤੀ ਰੂਪ ਦਿਤਾ ਗਿਆ ਹੈ, ਹੁਣ ਇਕੱਲੇ-ਇਕੱਲੇ ਨੁਕਤੇ ਅਨੁਸਾਰ ਆਈਆਂ ਇਨ੍ਹਾਂ ਸੋਧਾਂ ਵਿਚ ਕੁੱਝ ਵੀ ਨਵਾਂ ਨਹੀਂ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਹਾਲਤ ਦੀ ਇੰਤਹਾ ਤਾਂ ਇਹ ਹੈ ਕਿ ਕੇਂਦਰੀ ਹਕੂਮਤ ਨੇ ਇਨ੍ਹਾਂ ਸੋਧਾਂ ਦੀ ਭੂਮਿਕਾ ਵਿਚ ਮੁੜ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਵਜਾਹਤ ਕੀਤੀ ਹੈ । ਇਨ੍ਹਾਂ ਨੂੰ ਕਿਸਾਨ ਨੂੰ ਖ਼ੁਸ਼ਹਾਲ ਕਰਨ ਵਾਲੇ ਦਸਿਆ ਹੈ ਤੇ ਪ੍ਰਸਤਾਵਤਾਂ ਸੋਧਾਂ ਸਿਰਫ਼ ਕਿਸਾਨਾਂ ਦੇ ਸ਼ੰਕੇ ਨਵਿਰਤ ਕਰਨ ਲਈ ਹੀ ਲਿਆਂਦੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪ੍ਰਾਈਵੇਟ ਮੰਡੀਆਂ ਬਣਾਉਣ, ਏ ਪੀ ਐਮ ਸੀ ਮੰਡੀਆਂ ਦਾ ਏਕਾ ਅਧਿਕਾਰ ਤੋੜਨ ਅਤੇ ਕਿਸਾਨਾਂ ਦੀਆਂ ਜਿਣਸਾਂ ਨੂੰ ਖੁੱਲੀ ਮੰਡੀ ਵਿਚ ਲਿਜਾਣ ਵਰਗੀਆਂ ਕਾਰਪੋਰੇਟਾਂ ਪੱਖੀ ਗੱਲਾਂ ਕੀਤੀਆਂ ਗਈਆਂ ਹਨ । ਜਿੱਥੋਂ ਤਕ ਇਕੱਲੀ-ਇਕੱਲੀ ਪ੍ਰਸਤਾਵਤਾਂ ਸੋਧ ਦਾ ਮਾਮਲਾ ਹੈ, ਇਹ ਕਾਨੂੰਨਾਂ ਦੀ ਬੁਨਿਆਦੀ ਧੁੱਸ ਉਤੇ ਕੋਈ ਵੀ ਅਸਰ ਪਾਉਣ ਦੇ ਸਮਰੱਥ ਨਹੀਂ ਹਨ।