
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ........
ਜਲੰਧਰ/ਤਰਨਤਾਰਨ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਖਹਿਰਾ ਨੇ ਕਿਹਾ ਕਿ ਬੀਤੇ ਦਿਨ ਜੋ ਆਮ ਆਦਮੀ ਪਾਰਟੀ ਨੇ ਡਰਾਮਾ ਕੀਤਾ ਹੈ ਉਹ ਅਫ਼ਸੋਸਨਾਕ ਹੈ। ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ 'ਤੇ ਅਕਾਲੀ ਦਲ ਬਾਦਲ ਵਿਰੁਧ ਪੂਰੇ ਸਬੂਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਵਲੋਂ ਕੋਈ ਵੀ ਕਾਰਵਾਈ ਨਾ ਕਰਨਾ ਸੰਕੇਤ ਕਰਦਾ ਹੈ ਕਿ ਸਰਕਾਰ ਇਸ ਮਾਮਲੇ 'ਤੇ ਗੰਭੀਰ ਨਹੀਂ ਹੈ।
ਸਰਕਾਰ ਦੀ ਕੋਤਾਹੀ ਕਰ ਕੇ ਹੀ ਇਸ ਮਾਮਲੇ ਦੇ ਦੋਸ਼ੀ ਪ੍ਰੇਮੀਆਂ ਤੇ ਕੁੱਝ ਪੁਲਿਸ ਅਫ਼ਸਰਾਂ ਨੂੰ ਹਾਈ ਕੋਰਟ ਨੇ ਗ੍ਰਿਫ਼ਤਾਰੀ ਤੋਂ ਸਟੇਅ ਦੇ ਦਿਤਾ। ਅੱਜ ਪੱਤਰਕਾਰਾਂ ਸਾਹਮਣੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਪੁਲਿਸ ਤਸ਼ੱਦਦ ਦੇ ਸ਼ਿਕਾਰ 2 ਨੌਜਵਾਨਾਂ ਭਾਈ ਗੋਰਾ ਸਿੰਘ ਅਤੇ ਭਾਈ ਗੁਰਮੁਖ ਸਿੰਘ ਨੂੰ ਪੇਸ਼ ਕਰਦਿਆਂ ਸ. ਖਹਿਰਾ ਨੇ ਕਿਹਾ ਕਿ ਬੇਅਦਬੀ ਕਰਨ ਲਈ ਡੇਰਾ ਪ੍ਰੇਮੀ ਦੋਸ਼ੀ ਸਨ ਪਰ ਪੁਲਿਸ ਜਾਣ ਬੁਝ ਕੇ ਨਿਰਦੋਸ਼ ਸਿੱਖਾਂ ਨੂੰ ਫਸਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਜ਼ੋਰਾ ਸਿੰਘ ਅਕਾਲੀ ਦਲ ਤੇ ਉਸ ਦੇ ਚਹੇਤੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਵਿਚ ਲੱਗੇ ਹੋਏ ਸਨ। ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਵਿਰੁਧ ਜਲਦ ਕਾਰਵਾਈ ਕੀਤੀ ਜਾਵੇ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁਧ ਪਰਚਾ ਦਰਜ ਕੀਤਾ ਜਾਵੇ।