
ਦਰਜ ਮਾਮਲੇ ਵਾਪਸ ਹੋਣਗੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੇ ਇਕ ਵਫਦ ਨੂੰ ਯਕੀਨ ਦਿਵਾਇਆ ਹੈ ਕਿ ਜਿਹਨਾਂ ਸਿੱਖਾਂ ਵਿਰੁੱਧ 29 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਨਗਰ ਕੀਰਤਨ ਕੱਢ ਕੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤੇ ਗਏ ਸਨ, ਉਹਨਾਂ ‘ਤੇ ਦਰਜ ਸਾਰੇ ਮਾਮਲੇ ਵਾਪਸ ਲਏ ਜਾਣਗੇ।
Shiromani Akali Dal
ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਦੀ ਅਗਵਾਈ ਵਿਚ ਇਕ ਵਫਦ ਵੀਰਵਾਰ ਨੂੰ ਪੀਲੀਭੀਤ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਨੂੰ ਮਿਲਿਆ ਸੀ। ਫੈਸਰ ਚੰਦੂਮਾਜਰਾ ਨੇ ਕਿਹਾ ਕਿ ਦੋਵੇਂ ਉੱਚ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ 55 ਸਿੱਖਾਂ ਖ਼ਿਲਾਫ ਕਾਰਵਾਈ ਕਰਕੇ ਗਲਤੀ ਕੀਤੀ ਹੈ।
Prem Singh Chandumajra
ਅਧਿਕਾਰੀਆਂ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਸੀ ਕਿ ਸਿੱਖ ਸ਼ਰਧਾਲੂ ਸ਼ਾਂਤਮਈ ਢੰਗ ਨਾਲ ਨਗਰ ਕੀਰਤਨ ਵਿਚ ਭਾਗ ਲੈ ਰਹੇ ਸਨ ਅਤੇ ਉਹਨਾਂ ਦੀ ਸ਼ਾਂਤੀ ਭੰਗ ਕਰਨ ਦੀ ਕੋਈ ਨੀਅਤ ਨਹੀਂ ਸੀ। ਉਹਨਾਂ ਇਹ ਵੀ ਭਰੋਸਾ ਦਿਵਾਇਆ ਹੈ ਕਿ 55 ਸਿੱਖਾਂ ਵਿਰੁੱਧ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਅਤੇ ਉਹਨਾਂ ਨੂੰ ਸਨਮਾਨਪੂਰਬਕ ਦੋਸ਼-ਮੁਕਤ ਕੀਤਾ ਜਾਵੇਗਾ।
Nagar Kirtan
ਇਸ ਬਾਰੇ ਜਾਣਕਾਰੀ ਦਿੰਦਿਆਂ ਚੰਦੂਮਾਜਰਾ ਨੇ ਕਿਹਾ ਕਿ ਵਫ਼ਦ ਪੁਰਾਨਪੁਰ ਵਿਖੇ ਸਿੱਖ ਸੰਗਤ ਨੂੰ ਮਿਲਿਆ ਸੀ, ਜਿੱਥੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਨਗਰ ਕੀਰਤਨ ਬਾਰੇ ਦੱਸ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼ਰਧਾਲੂਆਂ ਖ਼ਿਲਾਫ ਇੰਨੀ ਸਖ਼ਤ ਕਾਰਵਾਈ ਕੀਤੀ ਗਈ, ਜਿਹਨਾਂ ਵਿਚ ਬੱਚੇ ਅਤੇ ਔਰਤਾਂ ਸ਼ਾਮਿਲ ਸਨ।
Akali Dal
ਉਹਨਾਂ ਕਿਹਾ ਕਿ ਸੰਗਤ ਨੇ ਵਫ਼ਦ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪ੍ਰਸਾਸ਼ਨ ਨੇ ਸਥਾਨਕ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਦੀ ਬਜਾਇ ਸਿੱਖਾਂ ਖ਼ਿਲਾਫ ਕਾਰਵਾਈ ਕੀਤੀ ਸੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੋਵੇਂ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਤੋਂ ਵੀ ਜਾਣੂ ਕਰਵਾ ਦਿੱਤਾ ਹੈ ਅਤੇ ਉਹਨਾਂ ਨੇ ਇਸ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਹੈ।
Photo 1
ਅਕਾਲੀ ਵਫ਼ਦ ਨੇ ਸਿੱਖ ਸ਼ਰਧਾਲੂਆਂ ਵਿਰੁੱਧ ਸਾਰੇ ਕੇਸ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ। ਵਫ਼ਦ ਦੇ ਮੈਂਬਰਾਂ ਨੇ ਸਾਬਕਾ ਭਾਜਪਾ ਮੰਤਰੀ ਡਾਕਟਰ ਵਿਨੋਦ ਤਿਵਾੜੀ ਅਤੇ ਪੁਰਾਨਪੁਰ ਦੇ ਵਿਧਾਇਕ ਬਾਬੂ ਰਾਮ ਪਾਸਵਾਨ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਇਸ ਮਸਲੇ ਨੂੰ ਪੁਰਾਨਪੁਰ ਦੇ ਸਿੱਖਾਂ ਦੀ ਤਸੱਲੀ ਅਨੁਸਾਰ ਹੱਲ ਕਰਵਾਉਣ ਵਿਚ ਮੱਦਦ ਕੀਤੀ।
Photo 2
ਜ਼ਿਕਰਯੋਗ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਨਗਰ ਕੀਰਤਨ ਕੱਢਣ ‘ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ 55 ਸਿੱਖਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਨਿਸ਼ਾਨ ਸਾਹਿਬ ਲੱਗੇ ਇਕ ਉਸ ਵਾਹਨ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਸੀ ਜਿਹੜਾ ਇਸ ਨਗਰ ਕੀਰਤਨ ਦਾ ਹਿੱਸਾ ਸੀ। ਇਹ ਲੋਕ ਪੀਲੀਭੀਤ ਦੇ ਕੀਰਤਪੁਰ ਗੁਰਦੁਆਰੇ ਤੋਂ ਮੁਕੰਮਲ ਤੌਰ ‘ਤੇ ਸ਼ਾਂਤਮਈ ਨਗਰ ਕੀਰਤਨ ਕੱਢਣ ਦੇ ਦੋਸ਼ੀ ਪਾਏ ਗਏ ਸਨ।