
ਵਿਆਹ ਦਾ ਝਾਂਸਾ ਦੇ ਕੇ ਰਿਸ਼ਤੇ ’ਚ ਲਗਦਾ ਮਾਮਾ, ਭਾਣਜੀ ਨੂੰ ਘਰੋਂ ਭਜਾ ਲੈ ਗਿਆ
ਮਾਛੀਵਾੜਾ, 10 ਫ਼ਰਵਰੀ (ਭੂਸ਼ਣ ਜੈਨ): ਮਾਛੀਵਾੜਾ ਨੇੜਲੇ ਪਿੰਡ ਦੀ ਇਕ ਲੜਕੀ ਨੂੰ ਰਿਸ਼ਤੇ ’ਚ ਲਗਦਾ ਉਸ ਦਾ ਮਾਮਾ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਲੈ ਗਿਆ ਅਤੇ ਦੋ ਮਹੀਨੇ ਉਸ ਨਾਲ ਬਲਾਤਕਾਰ ਕਰਦਾ ਰਿਹਾ ਜਿਸ ’ਤੇ ਮਾਛੀਵਾੜਾ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਪਾਇਲ ਦੇ ਵਾਸੀ ਰਾਮ ਸਿੰਘ ਉਰਫ਼ ਸਨੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੀੜਤ ਲੜਕੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਉਮਰ 19 ਸਾਲ ਹੈ ਅਤੇ ਅੱਠਵੀਂ ਜਮਾਤ ਪਾਸ ਕਰਨ ਤੋਂ ਬਾਅਦ ਅਪਣੀ ਮਾਤਾ ਨਾਲ ਘਰ ’ਚ ਘਰੇਲੂ ਕੰਮਕਾਰ ਹੀ ਕਰਵਾਉਂਦੀ ਸੀ। ਲੜਕੀ ਅਨੁਸਾਰ ਉਹ ਅਪਣੇ ਨਾਨਕੇ ਘਰ ਪਿੰਡ ਪਾਇਲ ਵਿਖੇ ਵੀ ਕਈ-ਕਈ ਦਿਨ ਚਲੀ ਜਾਂਦੀ ਸੀ, ਜਿੱਥੇ ਉਸ ਦੀ ਮਾਂ ਦੀ ਮਾਸੀ ਦਾ ਲੜਕੇ ਰਾਮ ਸਿੰਘ ਦਾ ਵੀ ਆਉਣਾ-ਜਾਣਾ ਸੀ ਜੋ ਕਿ ਉਸ ਵਲ ਮਾੜੀ ਨਜ਼ਰ ਨਾਲ ਦੇਖਦਾ ਸੀ।
ਇਹ ਲੜਕਾ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇਣ ਲੱਗ ਪਿਆ ਅਤੇ 9 ਦਸੰਬਰ 2020 ਨੂੰ ਮੇਰੇ ਪਿੰਡ ਆਇਆ ਅਤੇ ਵਰਗਲਾ ਕੇ ਨਾਲ ਲੈ ਗਿਆ ਕਿ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪੀੜਤ ਲੜਕੀ ਅਨੁਸਾਰ ਉਹ ਵਿਆਹ ਦੇ ਝਾਂਸੇ ’ਚ ਆ ਕੇ ਉਸ ਨਾਲ ਚਲੀ ਗਈ ਜਿਸ ’ਤੇ ਉਸ ਨੂੰ ਅਣਦੱਸੀ ਜਗ੍ਹਾ ’ਤੇ ਇਕ ਕਮਰੇ ’ਚ ਲੈ ਗਿਆ। ਬਿਆਨਕਰਤਾ ਲੜਕੀ ਅਨੁਸਾਰ ਰਾਮ ਸਿੰਘ ਉਸ ਨਾਲ ਉੱਥੇ ਦੋ ਮਹੀਨੇ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਜਦੋਂ ਉਹ ਘਰ ਜਾਣ ਲਈ ਕਹਿੰਦੀ ਤਾਂ ਧਮਕਾਉਣ ਲੱਗ ਪੈਂਦਾ ਸੀ।
ਲੰਘੀ 7 ਫ਼ਰਵਰੀ ਨੂੰ ਜਦੋਂ ਰਾਮ ਸਿੰਘ ਬਾਜ਼ਾਰ ਗਿਆ ਅਤੇ ਉਹ ਅਪਣਾ ਮੋਬਾਈਲ ਘਰ ਭੁੱਲ ਗਿਆ ਜਿਸ ’ਤੇ ਮੈਂ ਤੁਰਤ ਅਪਣੀ ਮਾਂ ਨਾਲ ਸੰਪਰਕ ਕਰ ਅਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਦਸਿਆ। 8 ਫ਼ਰਵਰੀ ਨੂੰ ਉਸ ਦੀ ਮਾਤਾ ਲੁਧਿਆਣਾ ਨੇੜੇ ਫੁੱਲਾਂਵਾਲ ਵਿਖੇ ਉਸ ਨੂੰ ਲੱਭਦੀ ਹੋਈ ਪਹੁੰਚ ਗਏ ਅਤੇ ਮੈਨੂੰ ਘਰ ਲੈ ਆਏ। ਲੜਕੀ ਵਲੋਂ ਦਿਤੇ ਗਏ ਬਿਆਨਾਂ ਦੇ ਆਧਾਰ ’ਤੇ ਮਾਛੀਵਾੜਾ ਪੁਲਿਸ ਨੇ ਰਾਮ ਸਿੰਘ ਵਾਸੀ ਪਾਇਲ ਵਿਰੁਧ ਬਲਾਤਕਾਰ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।