
ਕਿਹਾ, ਸਿੱਖਾਂ ਨੂੰ ਇਸਾਈ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਚੱਲਦਾ ਆ ਰਿਹੈ
ਪੰਜਾਬ ’ਚ ਪਿਛਲੇ ਦਿਨਾਂ ਵਿਚ ਕਈ ਰਿਪੋਰਟਾਂ ਆਈਆਂ ਜਿਸ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਿਛਲੇ 4-5 ਸਾਲਾ ਵਿਚ ਧਰਮ ਪਰਿਵਰਤਨ ਤੇਜ਼ੀ ਨਾਲ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਪਿਛਲੇ ਕੁੱਝ ਸਾਲਾਂ ਵਿਚ 3 ਤੋਂ 4 ਲੱਖ ਲੋਕ ਨੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਅਪਣਾ ਲਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਆਦਿ ਵਿਚ ਧਰਮ ਪਰਿਵਰਤਨ ਜ਼ਿਆਦਾ ਪਾਇਆ ਜਾ ਰਿਹਾ ਹੈ।
Photo
ਇਸ ਵਾਰੇ ਚਰਚਾ ਹੋਈ ਕਿ ਇਸ ਦੇ ਕੀ ਕਾਰਨ ਹਨ, ਇਸ ਜਾਣਨ ਤੇ ਰੋਕਣ ਲਈ ਕਈ ਜਥੇਬੰਦੀਆਂ ਪੱਬਾਂ ਭਾਰ ਵੀ ਹਨ ਤੇ ਰਿਪਰਟਾਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਕਿ ਆਖਰ ਕਾਰਨ ਬਣੇ ਹਨ, ਕਿਉਂ ਇੰਨੇ ਪੱਧਰ ’ਤੇ ਪੰਜਾਬ ਦੇ ਲੋਕ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਨੂੰ ਅਪਣਾ ਰਹੇ ਹਨ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਖੰਡ ਕੀਰਤਨੀਏ ਜੱਥੇ ਦੇ ਮੁੱਖ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਜੋ ਖੋਜਕਾਰਾਂ ਵਲੋਂ ਰਿਪੋਰਟ ਸਾਹਮਣੇ ਆਈ ਹੈ ਉਹ ਬਹੁਤ ਚਿੰਤਾ ਵਾਲੀ ਰਿਪੋਰਟ ਹੈ।
ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਆਇਆ ਕਿ ਪਿਛਲੇ 2 ਸਾਲਾਂ ਵਿਚ 3 ਤੋਂ 4 ਦੇ ਦਰਮਿਆਨ ਸਿੱਖਾਂ ਨੇ ਧਰਮ ਬਦਲ ਕੇ ਇਸਾਈ ਧਰਮ ਅਪਨਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਤੋਂ 4 ਲੱਖ ਲੋਕਾਂ ਵਿਚ ਹਿੰਦੂ ਜਾਂ ਹੋਰ ਵੀ ਧਰਮਾਂ ਦੇ ਲੋਕ ਵੀ ਸ਼ਾਮਲ ਹਨ, ਪਰ ਸਾਡੇ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਿੱਖ ਵੀ ਆਪਣਾ ਧਰਮ ਬਦਲ ਕੇ ਇਸਾਈ ਧਰਮ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਤੇ ਇਸ ’ਤੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਕਈ ਕਾਰਨ ਹਨ, ਜਿਵੇਂ ਆਰਥਕ ਤੰਗੀ, ਸਮਾਜਕ, ਧਾਮਿਕ, ਜਾਤੀਵਾਦ ਜਾਂ ਫਿਰ ਰਾਜਨੀਤਕ ਆਦਿ ਕਾਰਨ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਧਰਮ ਪਰਿਵਰਤਨ ਕਰਨ ਵਾਲੇ ਲੋਕਾਂ ਨੂੰ ਦੇਖੀਏ ਤਾਂ ਉਨ੍ਹਾਂ ਵਿਚ ਜ਼ਿਆਦਾਤਰ ਗ਼ਰੀਬ ਪਰਵਾਰ ਹਨ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਈਸਾਈਆਂ ਨੇ ਵੱਡੇ ਪੱਧਰ ’ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ’ਚੋਂ ਇਸਾਈਆਂ ਵਲੋਂ ਇੰਨਾ ਜ਼ਿਆਦਾ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ,
ਕੋਈ ਹਿਸਾਬ ਨਹੀਂ। ਉਨ੍ਹਾਂ ਕਿਹਾ ਕਿ ਇਸ ਫੰਡ ਨਾਲ ਇਸਾਈ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਜਿਸ ਨਾਲ ਲੋਕ ਉਨ੍ਹਾਂ ਦੇ ਧਰਮ ਅਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ’ਤੇ ਇਸਾਈਆਂ ਵਲੋਂ ਅੱਜ ਦਾ ਨਹੀਂ ਕਈ ਸਾਲਾਂ ਤੋਂ ਕੰਮ ਚੱਲ ਰਿਹਾ ਹੈ ਪਰ ਅਸੀਂ ਨਹੀਂ ਸਮਝੇ। ਉਨ੍ਹਾਂ ਕਿਹਾ ਕਿ ਪੰਜਾਬ ਜਾਂ ਹੋਰ ਸੂਬਿਆਂ ਵਿਚ ਜਿੰਨੇ ਵੀ ਕਾਨਵੈਂਟ ਸਕੂਲ ਜਾਂ ਫਿਰ ਸੰਸਥਾਵਾਂ ਹਨ ਉਨ੍ਹਾਂ ਵਿਚ ਜ਼ਿਆਦਾਤਰ ਬਾਈਬਲ ਬਾਰੇ ਹੀ ਦਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਈਸਾਈਆਂ ਦਾ ਤਰੀਕਾ ਹੀ ਅਜਿਹਾ ਹੈ ਕਿ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਉਹ ਲੋਕਾਂ ਨੂੰ ਆਪਣੇ ਧਰਮ ਵਲ ਖਿੱਚ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਇਸ ਮੁੱਦੇ ’ਤੇ ਰੌਲਾ ਕਿਉਂ ਪਿਆ ਹੈ ਉਹ ਇਸ ਲਈ ਕਿਉਂ ਕਿ ਧਰਮ ਪਰਿਵਰਤਨ ਵਿਚ ਬਹੁਤ ਤੇਜ਼ੀ ਆ ਗਈ ਹੈ ਤੇ ਵੱਡੇ ਪੱਧਰ ’ਤੇ ਚਰਚ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਖੋਜਕਾਰਾਂ ਨੇ ਸਾਨੂੰ ਦਸਿਆ ਕਿ ਇੰਨੇ ਲੱਖ ਸਿੱਖ ਈਸਾਈ ਬਣ ਗਏ ਹਨ ਤਾਂ ਸਾਡੀਆਂ ਅੱਖਾ ਖੁਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਤੀਵਾਦ ਕਾਰਨ ਇਕ-ਇਕ ਪਿੰਡ ਵਿਚ ਤਿੰਨ-ਤਿੰਨ ਗੁਰਦੁਆਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਜਾਤੀਵਾਦ ਵਿਚ ਫਸੇ ਹੋਏ ਹਾਂ ਜੋ ਸਾਡੀ ਬਦਕਿਸਮਤੀ ਹੈ।
ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕਦਾ ਹੈ, ਪਰ ਇਸ ਉਤੇ ਸਾਨੂੰ ਸਟਡੀ ਕਰਨ ਦੀ ਲੋੜ ਹੈ ਕਿ ਧਰਮ ਪਰਿਵਰਤਨ ਕਰਨ ਦੇ ਕੀ ਕਾਰਨ ਬਣੇ। ਉਨ੍ਹਾਂ ਕਿਹਾ ਕਿ ਇਕ ਕਾਰਨ ਸਾਡੀ ਸ਼੍ਰੋਮਣੀ ਕਮੇਟੀ ਹੈ ਜਿਸ ਦਾ ਕੰਮ ਧਰਮ ਦਾ ਪਰਚਾਰ ਕਰਨਾ ਹੈ, ਸ਼੍ਰੋਮਣੀ ਕਮੇਟੀ ਕੋਲ ਫ਼ੰਡ ਵੀ ਕਾਫ਼ੀ ਹੈ ਪਰ ਇਸ ਫ਼ੰਡ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪਰਚਾਰ ਵਿਚ ਕਾਫ਼ੀ ਪਿੱਛੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦਾ ਪ੍ਰਰਚਾਰ ਕਰੇ ਤੇ ਮਾਂ-ਪਿਉ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ।
ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਵੀ ਸਿੱਖੀ ਤੋਂ ਦੂਰ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਇਕ ਹੋਰ ਬਦਕਿਸਮਤੀ ਹੈ ਕਿ ਸਾਡੇ ਬੱਚਿਆਂ ਦੇ ਮਾਪਿਆਂ ਨੂੰ ਹੀ ਨਹੀਂ ਪਤਾ ਕੀ ਸਿੱਖੀ ਕੀ ਹੁੰਦੀ ਹੈ ਉਹ ਆਪਣੇ ਬੱਚਿਆਂ ਕੀ ਦੱਸਣਗੇ। ਉਨ੍ਹਾਂ ਕਿਹਾ ਕਿ ਧਰਮ ਪਰਿਵਰਨ ਦਾ ਇਕ ਕਾਰਨ ਡੇਰੇ ਵੀ ਹਨ, ਜਿਨ੍ਹਾਂ ਵਿਚ ਬੈਠੇ ਬਾਬਿਆਂ ਨੇ ਇਕ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ।