
ਡਰਾਈਵਰ-ਕੰਡਕਟਰ ਮੌਕੇ ਤੋਂ ਫ਼ਰਾਰ
ਮੁਕੇਰੀਆਂ : ਮੁਕੇਰੀਆਂ ਗੁਰਦਾਸਪੁਰ ਮਾਰਗ 'ਤੇ ਪੈਂਦੇ ਪਿੰਡ ਭੱਟੀਆਂ ਨੇੜਲੇ ਆਰ.ਸੀ. ਰਿਜ਼ੋਰਟ ਕੋਲ ਗੁਰਦਾਸਪੁਰ ਤੋਂ ਮੁਕੇਰੀਆਂ ਆ ਰਹੀ ਇਕ ਰੋਹਤਕ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਪੀਬੀ 02 ਬੀਆਰ 9145 ਉਵਰਟੇਕ ਕਰਦੇ ਸਮੇਂ ਬਿਜਲੀ ਦੇ ਖੰਭੇ ਨਾਲ ਟਕਰਾਉਣ ਉਪਰੰਤ ਕਰੀਬ 100 ਮੀਟਰ ਦੂਰ ਤਕ ਘਿਸਟਦੀ ਹੋਈ ਪਲਟ ਗਈ, ਜਿਸ ਕਾਰਨ 9 ਔਰਤਾਂ ਸਮੇਤ 16 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਦਖ਼ਲ ਕਰਵਾਇਆ ਗਿਆ ਹੈ। ਮੌਕੇ ਤੋਂ ਬੱਸ ਡਰਾਈਵਰ ਤੇ ਕੰਡਕਟਰ ਫ਼ਰਾਰ ਹੋ ਗਏ। ਪੁਲਿਸ ਨੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।
ਜ਼ਖਮੀਆਂ ਵਿਚ ਸੁਨੀਤਾ ਦੇਵੀ ਅਤੇ ਅਸ਼ੋਕ ਕੁਮਾਰ ਦੋਵੇਂ ਵਾਸੀ ਦਸੂਹਾ, ਅਨੀਤਾ ਦੇਵੀ ਤੇ ਦਿਵਿਆ ਵਾਸੀ ਮੁਕੇਰੀਆਂ, ਪੂਜਾ ਵਾਸੀ ਭੰਗਾਲਾ, ਬੱਬੀ ਤੇ ਜੀਵਨ ਕੁਮਾਰ ਵਾਸੀ ਦਗਨ, ਕੇਵਲ ਸਿੰਘ ਤੇ ਰਾਣੀ ਦੇਵੀ ਵਾਸੀ ਨੰਗਲ ਭੂਰ, ਕਮਲੇਸ਼ ਕੁਮਾਰੀ ਤੇ ਹਾਰਦਿਕ ਵਾਸੀ ਅੰਮ੍ਰਿਤਸਰ, ਅਮਨਦੀਪ ਕੌਰ, ਸੁਖਵਿੰਦਰ ਸਿੰਘ, ਦੀਪਕ, ਸੁਗੰਧੀ ਅਤੇ ਸੁਰੇਸ਼ ਕੁਮਾਰ ਵਾਸੀ ਹਾਜੀਪੁਰ ਆਦਿ ਸ਼ਾਮਲ ਹਨ।
ਜ਼ਖ਼ਮੀਆਂ ਨੇ ਦਸਿਆ ਕਿ ਸਵਾਰੀਆਂ ਚੁੱਕਣ ਦੇ ਲਾਲਚ ਵਿਚ ਬੱਸ ਡਰਾਈਵਰ ਕਾਫੀ ਤੇਜ਼ ਭਜਾ ਰਿਹਾ ਸੀ, ਜਿਸ ਦਾ ਸਵਾਰੀਆਂ ਵਲੋਂ ਪਹਿਲਾਂ ਵੀ ਵਿਰੋਧ ਕੀਤਾ ਗਿਆ ਸੀ, ਪਰ ਡਰਾਈਵਰ 'ਤੇ ਅਸਰ ਨਾ ਹੋਇਆ ਤੇ ਹਾਦਸਾ ਵਾਪਰ ਗਿਆ। ਮੌਕੇ ਤੋਂ ਪੁੱਜੇ ਏ.ਐਸ.ਆਈ. ਮਹਿੰਦਰ ਸਿੰਘ ਨੇ ਕਿਹਾ ਕਿ ਬੱਸ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।