
ਅੰਮ੍ਰਿਤਸਰ ਵਿਚ ਐਤਵਾਰ ਨੂੰ ਇਕ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਗੰਭੀਰ ਰੂਪ ਵਿਚ...
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਐਤਵਾਰ ਨੂੰ ਇਕ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਜ਼ਖਮੀ ਹੈ। ਇਸ ਦੇ ਨਾਲ ਹੀ ਜਿਸ ਆਟੋ ਵਿਚ ਉਹ ਸਵਾਰ ਸੀ, ਦਾ ਡਰਾਇਵਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਸੂਤਰਾਂ ਤੋਂ ਪਤਾ ਲੱਗਿਆ ਹੈ ਲੜਕੀ ਅਤੇ ਉਸ ਦੀ ਮਾਂ ਮੁੰਬਈ ਦੇ ਰਹਿਣ ਵਾਲੇ ਹਨ। ਦਿਲ ਵਿਚ ਸ਼੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਦੀ ਹਸਰਤ ਲੈ ਕੇ ਦੋਵੇਂ ਮਾਂ-ਧੀ ਹੋਟਲ ਤੋਂ ਨਿਕਲੇ ਅਤੇ ਆਟੋ ਵਿਚ ਸਵਾਰ ਹੋਈਆਂ ਸਨ। ਇਹ ਹਸਰਤ ਉਸ ਸਮੇਂ ਅਧੂਰੀ ਰਹਿ ਗਈ, ਜਦੋਂ ਇਕ ਕਾਰ ਬੇਕਾਬੂ ਹੋ ਕੇ ਆਟੋ ਨਾਲ ਆ ਭਿੜੀ।
ਮ੍ਰਿਤਕ ਲੜਕੀ ਦੀ ਪਹਿਚਾਣ ਮੁੰਬਈ ਦੀ ਰਹਿਣ ਵਾਲੀ 27 ਸਾਲ ਦੀ ਜਾਨਵੀ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਹ ਅਪਣੀ ਮਾਂ ਰਮਾ ਰਾਣੀ ਦੇ ਨਾਲ ਇਥੇ ਅੰਮ੍ਰਿਤਸਰ ਘੁੰਮਣ ਆਈ ਸੀ ਅਤੇ ਇੱਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਐਤਵਾਰ ਸਵੇਰੇ ਜਦੋਂ ਉਹ ਦੋਵੇਂ ਹੋਟਲ ਤੋਂ ਸ਼੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਸਨ ਤਾਂ ਭੰਡਾਰੀ ਪੁੱਲ ਉਤੇ ਤੇਜ ਰਫ਼ਤਾਰ ‘ਚ ਆ ਰਹੀ ਇਕ ਕਾਰ ਨੇ ਆਟੋ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਜਾਨਵੀ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਰਮਾ ਰਾਣੀ ਅਤੇ ਆਟੋ ਚਾਲਕ ਗੰਭੀਰ ਜ਼ਖ਼ਮੀ ਹੋ ਗਏ।
ਫਿਲਹਾਲ ਰਮਾ ਰਾਣੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਹੈ, ਉਥੇ ਹੀ ਆਟੋ ਚਾਲਕ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਹੈ। ਜਾਂਚ ਅਧਿਕਾਰੀ ਦੇ ਮੁਤਾਬਕ ਆਟੋ ਨੂੰ ਟੱਕਰ ਮਾਰਨ ਵਾਲੇ ਦੋਸ਼ੀ ਚਾਲਕ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਖ਼ਮੀਆਂ ਦੇ ਬਿਆਨ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।