
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪਿਛਲੇ ਦਿਨ ਮਨਿਸਟਰੀਅਲ ਸਟਾਫ਼ ਦੀਆਂ ਮੰਗਾਂ ਮੰਨੇ ਜਾਣ ਕਾਰਨ ਅੱਜ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਰੌਣਕ ਮੁੜ ਪਰਤ ਆਈ। ਮੁਲਾਜ਼ਮ...
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪਿਛਲੇ ਦਿਨ ਮਨਿਸਟਰੀਅਲ ਸਟਾਫ਼ ਦੀਆਂ ਮੰਗਾਂ ਮੰਨੇ ਜਾਣ ਕਾਰਨ ਅੱਜ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਰੌਣਕ ਮੁੜ ਪਰਤ ਆਈ। ਮੁਲਾਜ਼ਮ ਤਾਂ ਦਫ਼ਤਰਾਂ ਵਿਚ ਹਾਜ਼ਰ ਹੋ ਗਏ ਪ੍ਰੰਤੂ ਹੁਣ ਮੰਤਰੀ ਦਫ਼ਤਰਾਂ ਵਿਚੋਂ ਗਾਇਬ ਹੋ ਗਏ।
ਪਿਛਲੇ ਦਿਨ ਜਿਉਂ ਹੀ ਦੁਪਹਿਰ ਸਮੇਂ ਭਾਰਤੀ ਚੋਣ ਕਮਿਸ਼ਨ ਵਲੋਂ ਪ੍ਰੈਸ ਕਾਨਫ਼ਰੰਸ ਕਰਨ ਦੀ ਖ਼ਬਰ ਨਸ਼ਰ ਹੋਈ ਤਾਂ ਪੰਜਾਬ ਸਰਕਾਰ ਇਕਦਮ ਹਰਕਤ ਵਿਚ ਆ ਗਈ ਅਤੇ ਛੁੱਟੀ ਵਾਲੇ ਦਿਨ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਦਫ਼ਤਰਾਂ ਵਿਚ ਸੱਦਿਆ ਗਿਆ। ਸਰਕਾਰ ਨੇ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਤੋਰੀ ਅਤੇ ਉਨ੍ਹਾਂ ਦੀਆਂ ਮੁੱਖ ਮੰਗਾਂ ਮੰਨ ਲਈਆਂ। ਮੁਲਾਜ਼ਮ ਯੂਨੀਅਨਾਂ ਦੀ ਮੰਗ ਅਨੁਸਾਰ ਡੀ.ਏ. ਦੀਆਂ ਕਿਸ਼ਤਾਂ ਸਬੰਧੀ ਜਾਰੀ ਪੱਤਰ ਵਿਚ ਸੋਧਾਂ ਕਰ ਕੇ ਮੁੜ ਪੱਤਰ ਜਾਰੀ ਕੀਤਾ ਗਿਆ।
ਪੱਤਰ ਦੀ ਕਾਪੀ ਲੈਣ ਉਪਰੰਤ ਹੀ ਮੁਲਾਜ਼ਮ ਆਗੂਆਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ। ਪ੍ਰੰਤੂ ਪਿਛਲੇ ਦਿਨ ਸ਼ਾਮੀ ਚੋਣ ਜ਼ਾਬਤਾ ਲੱਗ ਜਾਣ ਕਾਰਨ ਹੁਣ ਸਰਕਾਰੀ ਦਫ਼ਤਰਾਂ ਵਿਚ ਕੋਈ ਕੰਮਕਾਜ ਨਹੀਂ ਹੋ ਸਕਦਾ। ਮੰਤਰੀ ਆਪੋ ਅਪਣੇ ਹਲਕਿਆਂ ਵਿਚ ਚੋਣ ਸਰਗਰਮੀਆਂ ਵਿਚ ਰੁਝ ਗਏ ਹਨ। ਹੁਣ ਮਈ ਮਹੀਨੇ ਦੇ ਅੰਤ ਤਕ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਹੀ ਰਹੇਗਾ।