
ਨਵੀਂ ਦਿੱਲੀ : ਕੇਂਦਰੀ ਬੈਂਕ ਦੇ ਡਾਇਰੈਕਟਰ ਮੰਡਲ ਨੇ ਦੇਸ਼ ਦੇ ਆਰਥਕ ਵਾਧੇ 'ਤੇ ਨੋਟਬੰਦੀ ਦੇ ਥੋੜੇ ਸਮੇਂ ਵਿਚ ਨਾਕਾਰਾਤਮਕ ਪ੍ਰਭਾਵ ਪੈਣ ਸਬੰਧੀ ਚੌਕਸ ਕੀਤਾ ਸੀ...
ਨਵੀਂ ਦਿੱਲੀ : ਕੇਂਦਰੀ ਬੈਂਕ ਦੇ ਡਾਇਰੈਕਟਰ ਮੰਡਲ ਨੇ ਦੇਸ਼ ਦੇ ਆਰਥਕ ਵਾਧੇ 'ਤੇ ਨੋਟਬੰਦੀ ਦੇ ਥੋੜੇ ਸਮੇਂ ਵਿਚ ਨਾਕਾਰਾਤਮਕ ਪ੍ਰਭਾਵ ਪੈਣ ਸਬੰਧੀ ਚੌਕਸ ਕੀਤਾ ਸੀ ਅਤੇ ਕਿਹਾ ਕਿ ਇਸ ਫ਼ੈਸਲੇ ਦਾ ਕਾਲਾ ਧਨ ਸਮੱਸਿਆ ਨਾਲ ਨਿਪਟਣ ਲਈ ਕੋਈ ਠੋਸ ਪ੍ਰਭਾਵ ਨਹੀਂ ਪਏਗਾ। ਡਾਇਰੈਕਟਰ ਮੰਡਲ 'ਚ ਆਰਬੀਆਈ ਦੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਵੀ ਸ਼ਾਮਲ ਸਨ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿਤੇ ਵੇਰਵੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 8 ਨਵੰਬਰ, 2016 ਨੂੰ ਕੀਤੇ ਨੋਟਬੰਦੀ ਐਲਾਨ ਤੋਂ ਸਿਰਫ਼ ਢਾਈ ਘੰਟੇ ਪਹਿਲਾਂ ਆਰਬੀਆਈ ਡਾਇਰੈਕਟਰ ਮੰਡਲ ਦੀ ਬੈਠਕ ਹੋਈ। ਸਰਕਾਰ ਵਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਦਾ ਮੁੱਖ ਮਕਸਦ ਕਾਲੇ ਧਨ 'ਤੇ ਰੋਕ ਲਗਾਉਣਾ ਸੀ।
RTI
ਵੇਰਵੇ ਅਨੁਸਾਰ ਮਹੱਤਵਪੂਰਨ ਬੈਠਕ ਵਿਚ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਅਤੇ ਤਤਕਾਲੀ ਆਰਥਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ, ਤਤਕਾਲੀ ਵਿੱਤ ਸਕੱਤਰ ਅੰਜਲੀ ਛਿਬ ਦੁੱਗਲ, ਆਰਬੀਆਈ ਦੇ ਡਿਪਟੀ ਗਵਰਨਰ ਆਰ ਗਾਂਧੀ ਅਤੇ ਐਸ ਐਸ ਮੂੰਦੜਾ ਮੌਜੂਦ ਸਨ। ਗ਼ੌਰਤਲਬ ਹੈ ਕਿ ਗਾਂਧੀ ਅਤੇ ਮੂੰਦੜਾ ਦੋਵੇਂ ਹੁਣ ਡਾਇਰੈਕਟਰ ਮੰਡਲ ਵਿਚ ਸ਼ਾਮਲ ਨਹੀਂ ਹਨ। ਉਧਰ ਦਾਸ ਨੂੰ ਦਸੰਬਰ 2018 ਵਿਚਆਰਬੀਆਈ ਦਾ ਗਵਰਨਰ ਬਣਾਇਆ ਗਿਆ ਸੀ। ਬੋਰਡ ਦੀ ਬੈਠਕ ਵਿਚ ਸਰਕਾਰ ਦੀ ਨੋਟਬੰਦੀ ਸਬੰਧੀ ਅਪੀਲ ਨੂੰ ਮਨਜ਼ੂਰੀ ਦਿਤੀ।
ਡਾਇਰੈਕਟਰ ਮੰਡਲ ਦੀ 561ਵੀਂ ਬੈਠਕ ਵਿਚ ਕਿਹਾ ਗਿਆ, ''ਜ਼ਿਆਦਾਤਰ ਕਾਲਾ ਧਨ ਨਕਦ ਰੂਪ ਵਿਚ ਨਹੀਂ ਹੈ ਸਗੋਂ ਸੋਨਾ ਅਤੇ ਅਚੱਲ ਜਾਇਦਾਦ ਦੇ ਰੂਪ ਵਿਚ ਹੈ ਅਤੇ ਇਸ ਕਦਮ ਦਾ ਅਜਿਹੀ ਜਾਇਦਾਦ 'ਤੇ ਕੋਈ ਠੋਸ ਅਸਰ ਨਹੀਂ ਹੋਵੇਗਾ।'' ਨਕਲੀ ਨੋਟਾਂ ਬਾਰੇ ਬੈਠਕ ਵਿਚ ਕਿਹਾ ਗਿਆ ਸੀ ਕਿ ਕੁੱਲ 400 ਕਰੋੜ ਰੁਪਏ ਇਸ ਸ਼੍ਰੇਣੀ ਵਿਚ ਹਨ ਜੋ ਕੁੱਲ ਮੁਦਰਾ ਦਾ ਬਹੁਤ ਘਟ ਹਿੱਸਾ ਹਨ। (ਪੀਟੀਆਈ)