
ਨਵੰਬਰ 2016 ਵਿਚ ਹੋਈ ਨੋਟਬੰਦੀ ਮਗਰੋਂ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਵਲੋਂ ਅਪਣੇ ਇਸ਼ਟਾਂ ਨਾਲ ਹੀ ਧੋਖਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ......
ਨਵੀਂ ਦਿੱਲੀ : ਨਵੰਬਰ 2016 ਵਿਚ ਹੋਈ ਨੋਟਬੰਦੀ ਮਗਰੋਂ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਵਲੋਂ ਅਪਣੇ ਇਸ਼ਟਾਂ ਨਾਲ ਹੀ ਧੋਖਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਦਰਅਸਲ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਨੇ ਆਪੋ ਅਪਣੇ ਧਾਰਮਿਕ ਅਸਥਾਨਾਂ 'ਤੇ ਕਰੋੜਾਂ ਰੁਪਏ ਦੇ ਪੁਰਾਣੇ ਨੋਟ ਹੀ ਚੜ੍ਹਾ ਦਿਤੇ ਜੋ ਬੰਦ ਹੋ ਚੁੱਕੇ ਹਨ। ਜੇਕਰ ਵੈਸ਼ਨੂੰ ਦੇਵੀ ਮੰਦਰ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਭਗਤਾਂ ਦੀ ਲੀਲਾ ਹੈਰਾਨ ਕਰਨ ਵਾਲੀ ਹੈ। ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਨੂੰ ਨੋਟਬੰਦੀ ਤੋਂ ਬਾਅਦ ਕਰੀਬ ਦੋ ਸਾਲ ਵਿਚ 2.3 ਕਰੋੜ ਰੁਪਏ ਮੁੱਲ ਦੇ ਪੁਰਾਣੇ 500 ਜਾਂ 1000 ਦੇ ਨੋਟ ਦਾਨ ਵਿਚ ਮਿਲੇ ਹਨ, ਜੋ ਸਰਕਾਰ ਨੇ ਬੰਦ ਕਰ ਦਿਤੇ ਹਨ।
ਜੰਮੂ-ਕਸ਼ਮੀਰ ਵਿਚ ਕਟਰਾ ਦੇ ਕੋਲ ਵੈਸ਼ਨੂੰ ਦੇਵੀ ਸਥਾਨ, ਆਂਧਰਾ ਦੇ ਤਿਰੁਮਾਲਾ ਤਿਰੂਪਤੀ ਮੰਦਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਅਮੀਰ ਸ਼ਰਾਇਨ ਬੋਰਡ ਹੈ। ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਦੇ ਸੀਈਓ ਸਿਮਰਦੀਪ ਸਿੰਘ ਨੇ ਦੱਸਿਆ ਕਿ ਵੈਸ਼ਨੂੰ ਦੇਵੀ ਸਥਾਨ ਨੂੰ ਮਿਲਣ ਵਾਲੇ ਦਾਨ ਵਿਚ ਕਿਸੇ ਤਰ੍ਹਾਂ ਦੀ ਗਿਰਾਵਟ ਨਹੀਂ ਹੈ। ਇਹ ਹੁਣ ਵੀ ਉਸੇ ਤਰ੍ਹਾਂ ਹੈ, ਪਰ ਕੁਝ ਭਗਤ ਹੁਣ ਵੀ ਪੁਰਾਣੇ ਨੋਟ ਚੜ੍ਹਾ ਰਹੇ ਹਨ ਜਦਕਿ ਰਿਜ਼ਰਵ ਬੈਂਕ ਨੇ ਹੁਣ ਅਜਿਹੇ ਪੁਰਾਣੇ ਨੋਟ ਲੈਣੇ ਬੰਦ ਕਰ ਦਿਤੇ ਹਨ ਪਰ ਬੋਰਡ ਇਨ੍ਹਾਂ ਨੋਟਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਪੈਂਦੇ ਇਕ ਪ੍ਰਾਚੀਨ ਹਨੂੰਮਾਨ ਮੰਦਰ ਵਿਚੋਂ ਵੀ 49 ਹਜ਼ਾਰ ਰੁਪਏ ਦੇ ਪੁਰਾਣੇ ਨੋਟ ਮਿਲੇ ਹਨ ਦਰਅਸਲ ਬੀਤੇ ਦਿਨ ਇਕ ਹਜ਼ਾਰ ਅਤੇ 500 ਰੁਪਏ ਦੇ ਇਹ ਪੁਰਾਣੇ ਨੋਟ ਮੰਦਰ ਵਿਚ ਲੱਗੇ ਪਿੱਪਲ ਦੇ ਦਰੱਖਤ ਹੇਠਾਂ ਪਏ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਵਿਚੋਂ ਸ਼ਰਧਾਲੂਆਂ ਵਲੋਂ ਚੜ੍ਹਾਏ ਪੁਰਾਣੀ ਕਰੰਸੀ ਦੇ ਕਰੀਬ 30 ਲੱਖ 45 ਹਜ਼ਾਰ ਰੁਪਏ ਪ੍ਰਾਪਤ ਹੋਏ ਹਨ। ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਅਪੀਲ ਇਨ੍ਹਾਂ ਨੋਟਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵੀ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਚੁੱਕੀ ਹੈ ਪਰ ਰਿਜ਼ਰਵ ਬੈਂਕ ਨੇ ਪੁਰਾਣੀ ਕਰੰਸੀ ਲੈਣ ਤੋਂ ਮਨ੍ਹਾਂ ਕਰ ਦਿਤਾ ਸੀ। ਅਜਿਹਾ ਨਹੀਂ ਹੈ ਕਿ ਇਹ ਪੁਰਾਣੇ ਨੋਟ ਨੋਟਬੰਦੀ ਤੋਂ ਤੁਰੰਤ ਬਾਅਦ ਚੜ੍ਹੇ ਹਨ ਬਲਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਵਲੋਂ ਰੱਬ ਦੇ ਘਰ ਨਾਲ ਧੋਖਾ ਕਰਨ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ।