
36 ਸਾਲਾਂ ਬਾਅਦ ਸਕੂਲ ਨੇ ਕੀਤਾ ਇੰਨਾ ਵਧੀਆ ਪ੍ਰਦਰਸ਼ਨ: ਪ੍ਰਿੰਸੀਪਲ
ਲੁਧਿਆਣਾ: ਲੁਧਿਆਣਾ ਦੇ ਸਰਵਜੋਤ ਸਿੰਘ ਬਾਂਸਲ ਨੇ 12ਵੀਂ ਜਮਾਤ ’ਚ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਵਜੋਤ ਨੇ ਕਮਰਸ ਸ੍ਰਟੀਮ ’ਚ 450 ਵਿਚੋਂ 445 ਅੰਕ ਹਾਸਲ ਕੀਤੇ ਹਨ। ਦੱਸ ਦਈਏ ਕਿ ਅੱਜ ਯਾਨੀ ਸ਼ਨਿਚਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿਤਾ ਗਿਆ ਹੈ। ਸਰਵਜੋਤ ਲੁਧਿਆਣਾ ਦੇ ਸ਼ਾਲੀਮਾਰ ਮਾਡਲ ਸਕੂਲ ਦਾ ਵਿਦਿਆਰਥੀ ਹੈ।
12th Result
ਅੱਜ ਨਤੀਜਾ ਐਲਾਨ ਹੋਣ ਮਗਰੋਂ ਸਰਵਜੋਤ ਦੀ ਇਸ ਉਪਲਬਧੀ ’ਤੇ ਸਕੂਲ ਪ੍ਰਬੰਧਕਾਂ ਨੇ ਤੇ ਵਿਦਿਆਰਥੀਆਂ ਨੇ ਢੋਲ ਵਜਾ ਕੇ ਜਸ਼ਨ ਮਨਾਇਆ ਅਤੇ ਭੰਗੜੇ ਪਾਏ। ਉੱਥੇ ਹੀ ਸਰਵੋਜਤ ਦੇ ਮਾਤਾ-ਪਿਤਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਬਹੁਤ ਵੱਡੀ ਖ਼ੁਸ਼ੀ ਦਿਤੀ ਹੈ ਤੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿਤਾ ਹੈ।
ਸਰਵਜੋਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਾਮਯਾਬੀ ਦਾ ਕਾਰਨ ਉਸ ਦੇ ਅਧਿਆਪਕ ਤੇ ਮਾਤਾ-ਪਿਤਾ ਹਨ। ਨਾਲ ਹੀ ਉਸ ਨੇ ਕਿਹਾ ਕਿ ਉਹ ਹਮੇਸ਼ਾ ਅਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਸੀ। ਹੁਣ ਅੱਗੇ ਉਹ MBA ਕਰਨਾ ਚਾਹੁੰਦਾ ਹੈ। ਦੱਸ ਦਈਏ ਕਿ 12ਵੀਂ ਜਮਾਤ ਵਿਚੋਂ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਕਲੌਤਾ ਲੜਕਾ ਸਰਵਜੋਤ ਹੈ।
ਇਸ ਮੌਕੇ ਸਰਵਜੋਤ ਦੇ ਸਕੂਲ ਦੇ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ 36 ਸਾਲਾਂ ਬਾਅਦ ਉਨ੍ਹਾਂ ਦੇ ਸਕੂਲ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਉਨ੍ਹਾਂ ਨੂੰ ਸਰਵਜੋਤ ’ਤੇ ਮਾਣ ਹੈ।