
484.4 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਅਪਣੇ ਨਾਂ ਕੀਤਾ
ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਮੰਨੂ ਭਾਕਰ ਅਤੇਂ ਸੌਰਭ ਚੌਧਰੀ ਦੀ ਜੋੜੀ ਨੇ ਤਾਈਪੇ ਦੇ ਤਾਓਯੁਆਨ ਵਿਚ ਚਲ ਰਹੀ 12ਵੀਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿਚ ਬੁਧਵਾਰ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਕੁਆਲੀਫਿਕੇਸ਼ਨ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਬਾਅਦ ਵਿਚ ਇਸ ਮੁਕਾਬਲੇ ਦਾ ਸੋਨ ਤਮਗਾ ਵੀ ਜਿੱਤਿਆ।
ਇਨ੍ਹਾਂ ਦੋਵਾਂ ਨੇ ਇਸ ਤੋਂ ਠੀਕ ਇਕ ਮਹੀਨਾ ਪਹਿਲਾਂ ਦਿਲੀ ਵਿਚ ਇਸ ਮੁਕਾਬਲੇ ਵਿਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ। ਕੁਆਲੀਫਿਕੇਸ਼ਨ ਵਿਚ 17 ਸਾਲਾ ਮੰਨੂ ਅਤੇ 16 ਸਾਲਾ ਸੌਰਭ ਨੇ ਮਿਲ ਕੇ 784 ਅੰਕ ਬਣਾਏ ਅਤੇ ਰੂਸ ਦੀ ਵਿਤਾਲਿਨਾ ਬਾਤਸਰਾਸਕਿਨਾ ਅਤੇ ਆਰਤਮ ਚੇਰਨੋਸੋਵ ਦੇ 5 ਦਿਨ ਪਹਿਲਾਂ ਯੂਰੋਪੀਏ ਚੈਂਪੀਅਨਸ਼ਿਪ ਵਿਚ ਬਣਾਏ ਰਿਕਾਰਡ ਨੂੰ ਤੋੜਿਆ।
ਇਸ ਭਾਰਤੀ ਜੋੜੀ ਨੇ 5 ਟੀਮਾਂ ਦੇ ਫਾਈਨਲ ਵਿਚ 484.4 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਅਪਣੇ ਨਾਂ ਕੀਤਾ। ਕੋਰੀਆ ਦੀ ਹਵਾਂਗ ਸਿਯੋਨਗੁਨ ਅਤੇ ਕਿਮ ਮੋਜ ਦੀ ਜੋੜੀ ਨੇ 481.1 ਅੰਕ ਲੈ ਕੇ ਚਾਂਦੀ ਅਤੇ ਤਾਈਪੇ ਦੀ ਚਿਆ ਯਿੰਗ ਅਤੇ ਕੋਉ ਕੁਆਨ ਤਿੰਗ ਨੇ 413.3 ਅੰਕਾਂ ਨਾਲ ਕਾਂਸੀ ਤਮਗਾ ਹਾਸਲ ਕੀਤਾ। ਭਾਰਤੀ ਰਾਸ਼ਟਰੀ ਰਾਈਫ਼ਲ ਸੰਘ ਦੇ ਬਿਆਨ ਮੁਤਾਬਕ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੀ ਦੂਜੀ ਭਾਰਤੀ ਜੋੜੀ ਅਨੁਰਾਧਾ ਅਤੇ ਅਭਿਸ਼ੇਕ ਵਰਮਾ ਨੇ ਵੀ ਫਾਈਨਲਸ ਵਿਚ ਜਗ੍ਹਾ ਬਣਾਈ ਪਰ ਉਸ ਨੇ 372.1 ਅੰਕਾਂ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। (ਪੀਟੀਆਈ)