
ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਤੀਜੀ ਧਿਰ ਦਾ ਗਠਨ: ਟਕਸਾਲੀ
ਪਟਿਆਲਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਚੋਟੀ ’ਤੇ ਪਹੁੰਚ ਚੁੱਕੀ ਹੈ। ਹਰ ਪਾਰਟੀ ਵਲੋਂ ਜਿੱਤ ਹਾਸਲ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀ ਡਾ. ਧਰਮਵੀਰ ਗਾਂਧੀ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸ਼ੇਖਵਾਂ ਨੇ ਕਿਹਾ ਪਾਰਟੀ ਵਲੋਂ ਡਾ. ਧਰਮਵੀਰ ਗਾਂਧੀ ਨੂੰ ਪੂਰਾ ਸਮਰਥਨ ਦਿਤਾ ਜਾਵੇਗਾ।
Sewa Singh Sekhwan
ਹਾਲਾਂਕਿ, ਡਾ. ਗਾਂਧੀ ਦੀ ਅਫ਼ੀਮ ਤੇ ਭੁੱਕੀ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਦੀ ਮੰਗ ’ਤੇ ਉਨ੍ਹਾਂ ਸਹਿਮਤੀ ਨਹੀਂ ਜਤਾਈ ਹੈ। ਸ਼ੇਖਵਾਂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਤੀਜੀ ਧਿਰ ਦਾ ਗਠਨ ਕੀਤਾ ਜਾਵੇਗਾ। ਹਾਲਾਂਕਿ, ਸੀਟਾਂ ਦੀ ਵੰਡ ਦੇ ਰੌਲੇ ਕਾਰਨ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਤੀਜੇ ਬਦਲ ਦਾ ਗਠਨ ਨਹੀਂ ਸੀ ਹੋ ਸਕਿਆ। ਇਸ ਦੌਰਾਨ ਸੇਵਾ ਸਿੰਘ ਸ਼ੇਖਵਾਂ ਨੇ ਡਾ. ਗਾਂਧੀ ਦੀ ਅਫ਼ੀਮ ਤੇ ਭੁੱਕੀ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਦੀ ਮੰਗ 'ਤੇ ਕਿਹਾ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ ਪਰ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।
ਉਹ ਸਿਰਫ ਡਾ. ਗਾਂਧੀ ਦੀ ਵਧੀਆ ਸੋਚ ਤੇ ਪਿਛਲੇ ਰਿਕਾਰਡ ਦੇ ਆਧਾਰ 'ਤੇ ਉਨ੍ਹਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਲਈ ਵੋਟਾਂ ਮੰਗਣਗੇ। ਸੇਵਾ ਸਿੰਘ ਸ਼ੇਖਵਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਸੂਬੇ ਵਿਚ ਵੱਖ-ਵੱਖ ਸੀਟਾਂ 'ਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਡਾ. ਗਾਂਧੀ ਨੇ ਲੋਕਾਂ ਦੇ ਭਲੇ ਲਈ ਕੰਮ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦਾ ਸਮਰਥਨ ਕਰਦੇ ਹਨ ਜੋ 1920 ਵਿਚ ਅਕਾਲੀ ਦਲ ਦੇ ਗਠਨ ਵੇਲੇ ਤਿਆਰ ਕੀਤੇ ਸੰਵਿਧਾਨ ਦੀ ਹਮਾਇਤ ਕਰਦੇ ਹਨ।
Dharamvir Gandhi
ਇਸ ਤੋਂ ਇਲਾਵਾ ਜਿੱਥੇ ਵੀ ਲੋੜ ਮਹਿਸੂਸ ਹੋਈ, ਉਹ ਕਾਂਗਰਸ ਤੇ ਅਕਾਲੀ ਦਲ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਵੀ ਸਮਰਥਨ ਕਰਨਗੇ। ਡਾ. ਧਰਮਵੀਰ ਗਾਂਧੀ ਨੇ ਇਸ ’ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਹਮਾਇਤ ਨਾਲ ਉਨ੍ਹਾਂ ਦੀ ਜਿੱਤ ਪੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਲੀਡਰ ਪਹਿਲਾਂ ਹੀ ਉਨ੍ਹਾਂ ਦੇ ਵਧ ਰਹੇ ਸਮਰਥਨ ਤੋਂ ਡਰ ਰਹੇ ਹਨ।