ਸੰਨੀ ਦਿਓਲ ਜੇ ਦੱਸ ਦਏ ‘ਬਾਰਦਾਨਾ’ ਕੀ ਹੁੰਦੈ, ਤਾਂ ਕਾਗਜ ਵਾਪਿਸ ਲੈ ਭੂੰਜੇ ਬਹਿ ਜਾਊਂ : ਜਾਖੜ
Published : May 11, 2019, 8:37 pm IST
Updated : May 11, 2019, 8:37 pm IST
SHARE ARTICLE
Sunil Jakhar Interview on Spokesman tv
Sunil Jakhar Interview on Spokesman tv

ਮੋਦੀ ਜੇ 500 ਰੁਪੈ ਮਹੀਨਾ ਕਿਸਾਨ ਨੂੰ ਦੇ ਰਿਹੈ ਤਾਂ ਸੁਖਬੀਰ ਤਾੜੀਆਂ ਮਾਰਦੈ ਤੇ ਜੇ ਕੈਪਟਨ ਸਾਬ੍ਹ ਨੇ 2 ਲੱਖ ਰੁਪੈ ਕਿਸਾਨ ਨੂੰ ਦਿਤਾ ਤਾਂ ਕਹਿ ਰਿਹਾ ਹੈ ਕਿ ਘੱਟ ਏ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਵਲੋਂ ਉਮੀਦਵਾਰ ਸੁਨੀਲ ਜਾਖੜ ਨੇ ‘ਸਪੋਕਸਮੈਨ ਟੀਵੀ’ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਤੇ ਕੇਂਦਰ ਦੀਆਂ ਨੀਤੀਆਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਪਣੀ ਪਾਰਟੀ ਦੇ ਕੰਮਾਂ ਅਤੇ ਯੋਜਨਾਵਾਂ ਬਾਰੇ ਕਈ ਅਹਿਮ ਤੱਥ ‘ਸਪੋਕਸਮੈਨ ਟੀਵੀ’ ਜ਼ਰੀਏ ਲੋਕਾਂ ਸਾਹਮਣੇ ਰੱਖੇ। ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਕਿਹਾ ਜਾ ਰਿਹਾ ਹੈ ਸੰਨੀ ਦਿਓਲ ਨੇ ਪੰਜਾਬ ’ਚ ਆ ਕੇ ਸਿਆਸਤ ਨੂੰ ਹਿਲਾ ਦਿਤਾ ਹੈ ਪਰ ਤੁਹਾਡੇ ਪਿੱਛੇ ਲੋਕਾਂ ਦੀ ਇੰਨੀ ਭੀੜ ਵੇਖ ਕੇ ਲੱਗਦਾ ਨਹੀਂ ਕਿ ਤੁਸੀਂ ਵੀ ਕਿਸੇ ਹੀਰੋ ਤੋਂ ਘੱਟ ਹੋ?

ਜਵਾਬ: ਦੇਖੋ ਜੀ, ਇੱਥੇ ਇਕ-ਇਕ ਵਿਅਕਤੀ ਦਾ ਸਾਡੇ ਸਿਰ ਅਹਿਸਾਨ ਹੈ ਜਿਹੜੇ ਕਦਮ ਪੁੱਟ ਕੇ ਸਾਡੇ ਲਈ ਇੰਨੀ ਗਰਮੀ ਵਿਚ ਆਏ ਹਨ। ਇਹ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਹੈ। ਇਹ ਕੰਮ ਦੀ ਕਦਰ ਕਰਨ ਵਾਲੇ ਲੋਕ ਹਨ। ਇਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਹੈ ਤੇ ਕੈਪਟਨ ਸਾਬ੍ਹ ਦੀ ਰਹਿਨੁਮਾਈ ਹੇਠ ਜਿਵੇਂ ਇਨ੍ਹਾਂ ਦੀਆਂ ਫ਼ਸਲਾਂ ਮੰਡੀਆਂ ਵਿਚੋਂ ਚੁੱਕੀਆਂ ਗਈਆਂ ਹਨ। ਹਾਲਾਂਕਿ ਮੋਦੀ ਸਾਬ੍ਹ ਦੀ ਬਹੁਤ ਵੱਡੀ ਸਾਜ਼ਿਸ਼ ਸੀ ਕਿ ਇਕ ਪਾਸੇ ਵਾਢੀ ਦਾ ਸਮਾਂ ਹੈ ਤੇ ਦੂਜੇ ਪਾਸੇ ਚੋਣਾਂ ਕਰਵਾ ਦਿਤੀਆਂ। ਪੰਜਾਬ ਵਿਚ ਚੋਣਾਂ 11 ਅਪ੍ਰੈਲ ਨੂੰ ਵੀ ਹੋ ਸਕਦੀਆਂ ਸੀ ਪਰ ਮੋਦੀ ਨੂੰ ਪਤਾ ਸੀ ਕਿ ਹੁਣ ਪੰਜਾਬ ਵਿਚ ਵਾਢੀ ਹੋਵੇਗੀ ਤੇ ਕਿਸਾਨ ਮੰਡੀਆਂ ਵਿਚ ਪ੍ਰੇਸ਼ਾਨ ਹੋਵੇਗਾ ਕਿਉਂਕਿ ਅਫ਼ਸਰ ਸਾਰੇ ਇਲੈਕਸ਼ਨ ਡਿਊਟੀਆਂ ’ਤੇ ਲੱਗੇ ਹਨ। ਬੜੀ ਛੋਟੀ ਸੋਚ ਹੈ ਭਾਜਪਾ ਦੀ।

ਸਵਾਲ: ਬਾਰਦਾਨਾ ਪੰਜਾਬ ਤੋਂ ਹਰਿਆਣਾ ਭੇਜਣਾ, ਕੀ ਤੁਸੀਂ ਇਸ ਨੂੰ ਸਾਜ਼ਿਸ਼ ਮੰਨਦੇ ਹੋ?

ਜਵਾਬ: ਬਿਲਕੁਲ ਸਾਜ਼ਿਸ਼ ਹੈ ਜੀ, 4 ਲੱਖ ਬੋਰੀਆਂ ਪੰਜਾਬ ਤੋਂ ਹਰਿਆਣਾ ਭੇਜ ਦਿਤੀਆਂ। ਹਰਿਆਣਾ ਤੇ ਪੰਜਾਬ ਦੋਵੇਂ ਹਿੰਦੁਸਤਾਨ ਦਾ ਹਿੱਸਾ ਨੇ ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਉੱਥੇ ਭਾਜਪਾ ਦੀ ਸਰਕਾਰ ਹੈ। ਇਹ ਸਭ ਖੱਟੜ ਸਾਬ੍ਹ ਨੂੰ ਮਜ਼ਬੂਤ ਕਰਨ ਵਾਸਤੇ ਤੇ ਕੈਪਟਨ ਸਾਬ੍ਹ ਨੂੰ ਕਮਜ਼ੋਰ ਕਰਨ ਵਾਸਤੇ ਕੀਤਾ ਗਿਆ, ਬੜੀ ਕੋਝੀ ਸੋਚ ਹੈ ਪਰ ਫਿਰ ਵੀ ਮੇਰਾ ਮੰਨਣਾ ਹੈ ਕਿ ਲੋਕ ਸਮਝਦਾਰ ਹਨ।

ਹੁਣ ਜਿਵੇਂ ਕੈਪਟਨ ਸਾਬ੍ਹ ਨੇ 2 ਦਿਨ ਪਹਿਲਾਂ ਝੋਨੇ ਲਾਉਣ ਦਾ ਫ਼ੈਸਲਾ ਕੀਤਾ ਹੈ, ਇਹ ਹੈ ਕਿਸਾਨੀ ਦੀ ਸੋਚ ਪ੍ਰਤੀ ਦਰਦ ਕਿਉਂਕਿ ਲੋਕਾਂ ਦੀ ਇਹ ਮੰਗ ਸੀ ਖ਼ਾਸਕਰ ਗੁਰਦਾਸਪੁਰ ਵਾਲੇ ਪਾਸੇ। ਲੋਕਾਂ ਦੀ ਮੰਗ ਤੇ ਉਨ੍ਹਾਂ ਦੀ ਤਕਲੀਫ਼ ਨੂੰ ਸਮਝਦੇ ਹੋਏ ਕੈਪਟਨ ਸਾਬ੍ਹ ਨੇ ਫ਼ੈਸਲਾ ਲਿਆ ਹੈ ਤੇ ਲੋਕਾਂ ਨੇ ਇਸ ਫ਼ੈਸਲੇ ਦਾ ਬਹੁਤ ਸਵਾਗਤ ਕੀਤਾ ਹੈ। ਕੈਪਟਨ ਸਾਬ੍ਹ ਦਾ ਦਿਲ ਕਿਸਾਨੀ ਵਾਸਤੇ ਧੜਕਦਾ ਹੈ, ਪੰਜਾਬ ਵਾਸਤੇ ਧੜਕਦਾ ਹੈ। ਮੋਦੀ ਸਾਬ੍ਹ ਨੇ ਪੰਜਾਬ ਨੂੰ ਨੀਵਾਂ ਵਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਲੋਕ ਸਮਝ ਚੁੱਕੇ ਹਨ।

ਬਾਬੇ ਨਾਨਕ ਦੀ ਧਰਤੀ ’ਤੇ ਇਸ ਸਮੇਂ ਬੈਠਾ ਹਾਂ ਤੇ ਮੈਂ ਸਮਝਦਾ ਹਾਂ ਕਿ ਬਾਬੇ ਨਾਨਕ ਦੀ ਮੇਰੇ ’ਤੇ ਪੂਰੀ ਕਿਰਪਾ ਹੈ ਕਿਉਂਕਿ ਜਦੋਂ ਹੁਣ ਲਾਂਘਾ ਖੁੱਲ੍ਹਣ ਦਾ ਸਮਾਂ ਆਇਆ ਤਾਂ ਮੈਨੂੰ ਇੱਥੋਂ ਦੀ ਨੁਮਾਇੰਦਗੀ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਹੋਈ।

ਪਾਕਿਸਤਾਨ ਦਾ ਬਿਆਨ ਆਇਆ ਹੈ ਕਿ 30 ਅਗਸਤ ਤੱਕ ਅਸੀਂ ਲਾਂਘਾ ਤਿਆਰ ਕਰ ਦੇਵਾਂਗੇ ਤੇ ਇੱਧਰ ਹਿੰਦੁਸਤਾਨ ਸਰਕਾਰ ਸੁੱਤੀ ਪਈ ਹੈ। ਹੁਣ ਪੰਜਾਬੀਆਂ ਨੇ ਮਨ ਬਣਾ ਲਿਆ ਹੈ ਕਿ ਜੇ ਲਾਂਘਾ ਖੁੱਲ੍ਹਵਾਉਣਾ ਹੈ ਤਾਂ ਮੋਦੀ ਸਾਬ੍ਹ ਨੂੰ ਤੋਰਨਾ ਪਵੇਗਾ। ਜੇ ਮੋਦੀ ਸਾਬ੍ਹ ਦੁਬਾਰਾ ਆ ਗਏ ਤਾਂ ਇਹਨਾਂ ਲਾਂਘਾ ਨਹੀਂ ਖੁੱਲ੍ਹਣ ਦੇਣਾ ਚਾਹੇ ਐਟਮਿਕ ਹਥਿਆਰਾਂ ਦਾ ਦਬਕਾ ਮਾਰ ਕੇ ਚਾਹੇ ਕੋਈ ਹੋਰ ਬਹਾਨਾ ਮਾਰ ਕੇ ਪਰ ਲਾਂਘਾ ਮੋਦੀ ਸਾਬ੍ਹ ਨੇ ਨਹੀਂ ਖੁੱਲ੍ਹਣ ਦੇਣਾ।

ਸਵਾਲ: ਲਾਂਘੇ ਨੂੰ ਲੈ ਕੇ ਲੋਕਾਂ ਦਾ ਤੁਹਾਡੇ ਪ੍ਰਤੀ ਬਹੁਤ ਸ਼ੁਕਰਾਨਾ ਹੈ, ਨਵਜੋਤ ਸਿੰਘ ਸਿੱਧੂ ਪ੍ਰਤੀ ਬਹੁਤ ਸ਼ੁਕਰਾਨਾ ਹੈ ਪਰ ਕੀ ਲਾਂਘੇ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਆਪਸੀ ਨਰਾਜ਼ਗੀ ਚੱਲ ਰਹੀ ਹੈ?

ਜਵਾਬ: ਨਹੀਂ ਜੀ, ਕੋਈ ਨਰਾਜ਼ਗੀ ਨਹੀਂ ਚੱਲ ਰਹੀ। ਲਾਂਘੇ ਦੇ ਮੁੱਦੇ ’ਤੇ ਸਾਰੀ ਪਾਰਟੀ ਤਾਂ ਕੀ, ਮੈਂ ਸਮਝਦਾ ਹਾਂ ਕਿ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਇਹ ਚਾਹੁੰਦਾ ਹੈ ਕਿ ਲਾਂਘਾ ਛੇਤੀ ਤੋਂ ਛੇਤੀ ਖੁੱਲ੍ਹੇ ਬਸ ਮੋਦੀ ਸਾਬ੍ਹ, ਆਰਐਸਐਸ, ਤੇ ਭਾਜਪਾ ਦੀ ਸੋਚ ਨੂੰ ਛੱਡ ਕੇ।

ਸਵਾਲ: ਪਰ ਮੋਦੀ ਜੀ ਤਾਂ ਲਾਂਘਾ ਖੁੱਲ੍ਹਵਾਉਣ ਦਾ ਸਿਹਰਾ ਅਪਣੇ ਸਿਰ ਲੈ ਰਹੇ ਨੇ?

ਜਵਾਬ: ਮੈਂ ਕਹਿੰਦਾ ਹਾਂ ਕਿ ਫਿਰ ਹਿੰਦੁਸਤਾਨ ਸਰਕਾਰ ਸੁੱਤੀ ਕਿਉਂ ਪਈ ਹੈ। ਸਾਡਾ ਕੰਮ ਤਾਂ ਪਾਕਿਸਤਾਨ ਦੇ ਮੁਕਾਬਲੇ ਬਹੁਤ ਛੋਟਾ ਹੈ। ਉਨ੍ਹਾਂ ਨੇ ਤਾਂ ਪੁੱਲ ਵੀ ਤਿਆਰ ਕਰਨੇ ਨੇ। ਉਹ ਬੜੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ ਪਰ ਸਾਡਾ ਉਤਸ਼ਾਹ ਕਿੱਥੇ ਹੈ, ਇਹੀ ਅਸੀਂ ਦੇਖਣਾ ਚਾਹੁੰਦੇ ਹਾਂ। ਪੰਜਾਬੀ ਲੋਕ ਬੜੇ ਭੋਲੇ ਨੇ ਪਰ ਸਾਹਮਣੇ ਵਾਲੇ ਦੀ ਅੱਖ ਨੂੰ ਪਛਾਣਦੇ ਨੇ। ਮੋਦੀ ਦੀ ਨੀਅਤ ’ਤੇ ਸ਼ੱਕ ਹੈ ਲੋਕਾਂ ਨੂੰ। ਲੋਕ ਨੀਅਤ ਪਛਾਣਦੇ ਹਨ ਤੇ ਮੋਦੀ ਦੀ ਨੀਅਤ ਖੋਟੀ ਹੈ।

ਸਵਾਲ: ਅੱਜ ਹਰ ਕੋਈ ਅਪਣੇ ਲੈਡ ਫੰਡਾਂ ਵਿਚੋਂ ਕੀਤੇ ਕੰਮਾਂ ਬਾਰੇ ਪ੍ਰਚਾਰ ਕਰ ਰਿਹਾ ਹੈ ਪਰ ਕਾਂਗਰਸ ਵਲੋਂ ਪ੍ਰਚਾਰ ਦੌਰਾਨ ਅਪਣੇ ਕੀਤੇ ਕੰਮਾਂ ਨੂੰ ਨਾ ਗਿਣਾਉਣਾ ਕੋਈ ਕਮਜ਼ੋਰੀ ਹੈ ਜਾਂ ਕੋਈ ਨੀਤੀ ਹੈ?

ਜਵਾਬ: ਦੇਖੋ, ਅਸੀਂ ਲੋਕਾਂ ਨੂੰ ਕੀਤੇ ਕੰਮਾਂ ਬਾਰੇ ਦੱਸ ਰਹੇ ਹਾਂ ਪਰ ਐਮ.ਪੀ. ਲੈਡ ਫੰਡ ਤਾਂ ਬਹੁਤ ਮਾਮੂਲੀ ਜਿਹੀ ਗੱਲ ਹੈ। ਮੇਰੇ ਹਿੱਸੇ ਵਿਚ ਪੂਰੇ 2 ਸਾਲ ਦਾ 10 ਕਰੋੜ ਰੁਪਇਆ ਬਣਦਾ ਸੀ ਪਰ ਫਿਰ ਵੀ ਮੈਂ ਜਿਹੜੇ ਪੁਰਾਣੇ ਭਾਜਪਾ ਵਾਲਿਆਂ ਦਾ ਬਕਾਇਆ ਪਿਆ ਸੀ ਉਹ ਵੀ ਕਢਵਾ ਕੇ 17 ਕਰੋੜ 42 ਲੱਖ ਰੁਪਏ ਬਰਾਬਰ ਸਾਰੇ ਹਲਕਿਆਂ ਵਿਚ ਵੰਡੇ। ਐਮ.ਪੀ. ਲੈਡ ਫੰਡ ਵਾਸਤੇ ਨਹੀਂ ਚੁਣੇ ਜਾਂਦੇ, ਵਿਕਾਸ ਲਈ ਐਮ.ਪੀ. ਚੁਣੇ ਜਾਂਦੇ ਨੇ। 2 ਮੈਡੀਕਲ ਕਾਲਜ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਤਿਆਰ ਕਰਵਾਏ ਜਾ ਰਹੇ ਹਨ, ਜਿੰਨ੍ਹਾਂ ਵਿਚੋਂ ਇਕ ਪਠਾਨਕੋਟ ਤੇ ਇਕ ਗੁਰਦਾਸਪੁਰ ਵਿਚ ਮੈਡੀਕਲ ਕਾਲਜ ਬਣਵਾਇਆ ਜਾ ਰਿਹਾ ਹੈ। ਮੇਰੇ ਖ਼ਿਆਲ ਨਾਲ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਇਕੋ ਸਰਕਾਰ ਵੇਲੇ ਪਹਿਲੇ 2 ਸਾਲਾਂ ਵਿਚ 2 ਮੈਡੀਕਲ ਕਾਲਜ ਬਣਵਾਏ ਜਾ ਰਹੇ ਹਨ। ਦੋ ਸ਼ੂਗਰ ਮਿੱਲਾਂ ਆਈਆਂ ਸੀ ਜਿੰਨ੍ਹਾਂ ਨੂੰ ‘ਕਮੇਟੀ ਆਫ਼ ਸੈਕਰੇਟਰੀਜ਼’ ਵਲੋਂ ਬੰਦ ਕਰਨ ਦਾ ਹੁਕਮ ਦਿਤਾ ਗਿਆ ਸੀ, ਅਸੀਂ ਉਨ੍ਹਾਂ ਦੋਵਾਂ ਨੂੰ ਨਾ ਸਿਰਫ਼ ਬਹਾਲ ਕਰਵਾ ਰਹੇ ਹਾਂ ਸਗੋਂ ਅੱਪਗ੍ਰੇਡੇਸ਼ਨ 7 ਹਜ਼ਾਰ ਟਨ ਦੀ ਬਟਾਲਾ ਦੀ 10 ਹਜ਼ਾਰ ਟਨ ਦੀ ਗੁਰਦਾਸਪੁਰ ਦੀ ਕਰਵਾ ਰਹੇ ਹਾਂ। ਸੜਕਾਂ ਦੀ ਕਨੈਕਟੀਵਿਟੀ ਕਰਵਾ ਰਹੇ ਹਾਂ। ਦੀਨਾਨਗਰ ਵਿਚ ਤਿੰਨ ਪੁੱਲ ਤਿਆਰ ਹੋ ਰਹੇ ਹਨ 72 ਕਰੋੜ ਦੀ ਲਾਗਤ ਨਾਲ। ਦੋ ਡਿਗਰੀ ਕਾਲਜ, ਇਕ ਨਵੋਦਿਆ ਸਕੂਲ ਬਣਵਾਇਆ ਜਾ ਰਿਹਾ ਹੈ। ਕੰਮ ਜਿਹੜੇ ਹਨ ਉਨ੍ਹਾਂ ਦੀ ਲਿਸਟ ਅਜੇ ਬਹੁਤ ਲੰਮੀ ਹੈ।

ਸਵਾਲ: ਲੋਕਾਂ ਨੂੰ ਅਜੇ ਬੁਨਿਆਦੀ ਮੁਸ਼ਕਿਲਾਂ ਬਹੁਤ ਨੇ ਜਿਵੇਂ ਗਲੀਆਂ, ਨਾਲੀਆਂ, ਸਫ਼ਾਈ ਕਰਮਚਾਰੀ, ਪੰਚਾਇਤ ਘਰਾਂ ਤੇ ਹੋਰ ਕਈ, ਇਸ ਬਾਰੇ ਕੀ ਕਹਿਣਾ ਚਾਹੋਗੇ?

ਜਵਾਬ: ਅਜੇ ਬਹੁਤ ਜ਼ਿਆਦਾ ਮੁਸ਼ਕਿਲਾਂ ਹਨ ਪੰਜਾਬ ਦੇ ਅੰਦਰ। ਮੈਂ ਨਹੀਂ ਕਹਿੰਦਾ ਕਿ ਅਸੀਂ 2 ਸਾਲਾਂ ਵਿਚ ਸਾਰੇ ਮਸਲੇ ਨਿਬੇੜ ਦਿਤੇ। ਸਭ ਤੋਂ ਪਹਿਲਾਂ ਤਾਂ ਸਾਡਾ ਖ਼ਜ਼ਾਨਾ ਖ਼ਾਲੀ ਸੀ ਇਸ ਦੇ ਬਾਵਜੂਦ ਅਸੀਂ ਇੰਨਾ ਕੁਝ ਕੀਤਾ ਹੈ। ਪੰਚਾਇਤਾਂ ਹੁਣ ਤੋਂ ਪਹਿਲਾਂ ਜਿਹੜੀ ਅਕਾਲੀਆਂ ਨੇ ਧੱਕੇ ਨਾਲ ਬਣਾਈਆਂ ਸੀ ਉਨ੍ਹਾਂ ਨੇ ਹਰੇਕ ਕੰਮ ਵਿਚ ਰੋੜੇ ਅਟਕਾਏ। ਜਿਹੜੀਆਂ ਗਰਾਂਟਾਂ ਅਕਾਲੀਆਂ ਨੇ ਦਿਤੀਆਂ, ਅਪਣੇ ਪਿੰਡਾਂ ਨੂੰ ਨਹੀਂ ਦਿਤੀਆਂ ਸਗੋਂ ਅਪਣੇ ਸਰਪੰਚਾਂ ਤੇ ਜਥੇਦਾਰਾਂ ਨੂੰ ਦਿਤੀਆਂ ਤੇ ਉਹ ਸਾਰੀਆਂ ਖਾ ਗਏ।

ਇਹ ਸਾਰੀਆਂ ਮੁਸ਼ਕਿਲਾਂ ਇਕ ਦਿਨ ਵਿਚ ਨਹੀਂ ਖੜ੍ਹੀਆਂ ਹੋਈਆਂ। ਇਹ ਪਿਛਲੇ 10 ਸਾਲਾਂ ਦੀ ਅਕਾਲੀ ਦਲ ਦੀ ਦੇਣ ਹੈ, ਛੋਟੀ ਸੋਚ ਦੀ। ਉਨ੍ਹਾਂ ਨੇ ਚਿੱਟੇ ਨਾਲ ਨੌਜਵਾਨ ਮਾਰ ਦਿਤਾ, ਸਾਰਾ ਪੈਸਾ ਜਥੇਦਾਰਾਂ ਦੀ ਜੇਬ੍ਹ ਵਿਚ ਪਾ ਦਿਤਾ।

ਸਾਡੀ ਨੀਤੀ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੈ। ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਭਾਵੇਂ ਸਾਡੇ ਹਲਕੇ ਵਿਚ ਕੋਈ ਕਿਸੇ ਵੀ ਪਾਰਟੀ ਦਾ ਸੀ। ਮੈਂ ਅਪਣੇ ਲੈਡ ਫੰਡ ਵਿਚੋਂ ਹਰ ਇਕ ਪਿੰਡ ਦੇ ਸਰਪੰਚ ਨੂੰ ਪੈਸੇ ਦਿਤੇ ਹਨ। ਅਸੀਂ ਸਾਰੇ ਮਸਲੇ ਇਕ-ਇਕ ਕਰਕੇ ਹੱਲ ਕਰ ਰਹੇ ਹਨ। ਸਭ ਤੋਂ ਪਹਿਲਾਂ ਕਰਜ਼ਾ ਮਾਫ਼ੀ ਦੀ ਜ਼ਰੂਰਤ ਸੀ ਕਿਉਂਕਿ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਸੀ ਇਸ ਲਈ ਅਸੀਂ ਪਹਿਲਾਂ ਇਹ ਕੰਮ ਕੀਤਾ, 2-2 ਲੱਖ ਰੁਪਏ ਕਰਜ਼ਾ ਮਾਫ਼ ਕੀਤਾ। ਅਸੀਂ ਸੁਧਾਰ ਲਈ ਹਰ ਪੱਖੋਂ ਕੋਸ਼ਿਸ਼ ਕਰ ਰਹੇ ਹਾਂ।

ਸਵਾਲ: ਲੋਕਾਂ ਦੀ ਸ਼ਿਕਾਇਤ ਹੈ ਕਿ ਬਾਰਡਰ ਨੇੜੇ ਲੋਕ ਅਤਿਵਾਦੀ ਬਣ ਜਾਂਦੇ ਹਨ ਕਿਉਂਕਿ ਨੌਕਰੀਆਂ ਨਹੀਂ ਹਨ? ਕੈਪਟਨ ਸਰਕਾਰ ਪ੍ਰਤੀ ਇਸ ਗੱਲ ਨੂੰ ਲੈ ਕੇ ਲੋਕਾਂ ਵਿਚ ਨਰਾਜ਼ਗੀ ਹੈ।

ਜਵਾਬ: ਦੇਖੋ ਜੀ, ਅਸੀਂ 10 ਮਹੀਨਿਆਂ ਵਿਚ ਇੱਥੇ ਇਕ ਪੈਪਸੀ ਦੀ ਫੈਕਟਰੀ ਲਗਵਾਈ ਹੈ ਤੇ ਉਸ ਦਾ ਨੀਂਹ ਪੱਥਰ ਵੀ ਮੈਂ ਕੈਪਟਨ ਸਾਬ੍ਹ ਨਾਲ ਜਾ ਕੇ ਉੱਥੇ ਰੱਖਿਆ। 1200 ਕਰੋੜ ਰੁਪਏ ਦੀ ਇਹ ਫੈਕਟਰੀ ਇਸ ਸਮੇਂ ਚੱਲ ਰਹੀ ਹੈ ਤੇ ਉਸ ਵਿਚ 5 ਹਜ਼ਾਰ ਬੱਚਿਆਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਮਹੀਨੇ ਤੱਕ ਜੂਸ ਵਾਲਾ ਕੰਮ ਫੈਕਟਰੀ ਵਿਚ ਸੁਰੂ ਹੋ ਜਾਵੇਗਾ ਤੇ 2 ਕੁ ਮਹੀਨਿਆਂ ਤੱਕ ਡੇਅਰੀ ਵਾਲਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨਾਲ 10 ਹਜ਼ਾਰ ਪਰਵਾਰਾਂ ਨੂੰ ਸਿੱਧੇ ਤੌਰ ’ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਾਡੇ ਕੋਲ ਹੋਰ ਕਈ ਪਲੈਨ ਹਨ ਪਰ ਮੋਦੀ ਸਾਬ੍ਹ ਗੱਲ ਕਰਦੇ ਹਨ ਐਟਮਿਕ ਹਥਿਆਰਾਂ ਦੀ, ਹੁਣ ਜੇ ਬਾਰਡਰ ’ਤੇ ਆ ਕੇ ਤੋਪਾਂ, ਟੈਂਕ ਖੜ੍ਹੇ ਹੋ ਗਏ ਤਾਂ ਕਿਹੜਾ ਵਪਾਰੀ ਇੱਥੇ ਆ ਕੇ ਫੈਕਟਰੀ ਲਗਾਏਗਾ? ਇਸ ਲਈ ਸਾਨੂੰ ਲੋੜ ਹੈ ਸਿਆਣੀ ਸਰਕਾਰ ਦੀ। ਸਾਨੂੰ ਜ਼ਰੂਰਤ ਹੈ ਡਾ. ਮਨਮੋਹਨ ਸਿੰਘ ਵਰਗੇ ਸੁਲਝੇ ਹੋਏ ਇਨਸਾਨ ਦੀ। ਆਹ ਜਿਹੜਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਇਹ ਤਾਂ ਬਾਬੇ ਨਾਨਕ ਦੀ ਬਖ਼ਸ਼ਿਸ਼ ਹੈ। ਜੇ ਕੋਈ ਸਿਆਣਾ ਪ੍ਰਧਾਨ ਮੰਤਰੀ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਲਾਂਘਾ ਖੁੱਲ੍ਹ ਜਾਣਾ ਸੀ ਤੇ ਇੱਥੇ ਦੋਵਾਂ ਮੁਲਕਾਂ ਵਿਚ ਵਪਾਰ ਹੋਣਾ ਸੀ।

ਮੋਦੀ ਸਾਬ੍ਹ ਦਾ ਬਸ ਇਕੋ ਮੁੱਦਾ ਹੈ ‘ਕੁਰਸੀ’। ਉਨ੍ਹਾਂ ਦੀ ਸੋਚ ਪੰਜਾਬ ਦੇ ਖ਼ਿਲਾਫ਼ ਹੈ, ਹਰ ਘੱਟ ਗਿਣਤੀ ਕੌਮ ਦੇ ਖ਼ਿਲਾਫ਼ ਹੈ।

ਸਵਾਲ: ਕਾਂਗਰਸ ਸਰਕਾਰ ਕਹਿੰਦੀ ਹੈ ਕਿ ਨਸ਼ਿਆਂ ਦਾ ਲੱਕ ਤੋੜਿਆ ਗਿਆ ਪਰ ਜੇ ਵੇਖਿਆ ਜਾਵੇ ਤਾਂ ਅਜੇ ਵੀ ਨਸ਼ਾ ਪੰਜਾਬ ਵਿਚ ਹੈ, ਕੀ ਕਹੋਗੇ ਇਸ ਬਾਰੇ?

ਜਵਾਬ: ਦੇਖੋ ਜੀ, ਜਿੰਨ੍ਹਾਂ ਨੂੰ ਨਸ਼ੇ ਕਰਨ ਦੀ ਆਦਤ ਬਣ ਗਈ ਉਨ੍ਹਾਂ ਨੇ ਕਈ ਹੋਰ ਸਾਧਨ ਲੱਭ ਲਏ ਜਿਵੇਂ ਸਪਰੇ, ਦਵਾਈਆਂ, ਟੀਕੇ ਜਾ ਕੁਝ ਹੋਰ। ਵੱਡੀ ਸਮੱਸਿਆ ਇਹ ਹੈ ਕਿ ਜਿਹੜੀ ਅਕਾਲੀਆਂ ਨੇ ਮੇਰੇ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਲਾ ਦਿਤੀ ਹੈ ਉਸ ਨੂੰ ਛੁਡਾਉਣ ਵਾਸਤੇ ਮੈਡੀਕਲ ਹੈਲਪ, ਸੋਸ਼ਲ ਸਹਿਯੋਗ ਜਾਂ ਪਰਵਾਰਕ ਸਹਿਯੋਗ ਨੂੰ ਮਜਬੂਤ ਕਰਨ ਦੀ ਲੋੜ ਹੈ। ਇਸ ਨੂੰ ਇਕ ਦਿਨ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਲੰਮੀ ਪ੍ਰਕਿਰਿਆ ਹੈ ਕਿਉਂਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨਾ ਪੈਣਾ ਹੈ ਤੇ ਅਸੀਂ ਇਸ ਉਤੇ ਪੂਰਾ ਕੰਮ ਕਰ ਰਹੇ ਹਾਂ।

ਸਵਾਲ: ਜਿਹੜੇ ਲੋਕਾਂ ਦੀ ਜ਼ਮੀਨ ਬਾਰਡਰ ਪਾਰ ਹੈ, ਕੀ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਬਾਰੇ ਤੁਸੀਂ ਕੁਝ ਸੋਚ ਰਹੇ ਹੋ?

ਜਵਾਬ: ਦੇਖੋ ਜੀ, ਅਸੀਂ ਇਸ ਬਾਰੇ ਪੂਰਾ ਢੁੱਕਵਾਂ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿਚ ਕਿਸਾਨਾਂ ਦੀ ਮਜਬੂਰੀ ਵੀ ਸਮਝੀ ਜਾਵੇ ਤੇ ਸਿਕਓਰਿਟੀ ਨੂੰ ਵੀ ਮੁੱਖ ਰੱਖਿਆ ਜਾਵੇ। ਅਸੀਂ ਅਪਣੇ ਤੌਰ ’ਤੇ ਕੰਮ ਕਰ ਰਹੇ ਸੀ ਪਰ ਪੰਜਾਬ ਨੂੰ ਬਾਰਡਰ ’ਤੇ ਸਮੱਸਿਆਵਾਂ ਬਹੁਤ ਹਨ ਇਸ ਲਈ ਪੰਜਾਬ ਨੂੰ ਇਕ ਸਪੈਸ਼ਲ ਪੈਕੇਜ ਦੀ ਲੋੜ ਸੀ ਪਰ ਮੋਦੀ ਸਾਬ੍ਹ ਨੇ ਪੈਕੇਜ ਕਦੇ ਹਿਮਾਚਲ ਨੂੰ ਤੋਰ ਦਿਤਾ ਕਦੇ ਜੰਮੂ-ਕਸ਼ਮੀਰ ਨੂੰ ਤੋਰ ਦਿਤਾ। ਅਸੀਂ ਵੀ ਹਿੰਦੁਸਤਾਨ ਦੇ ਵਾਸੀ ਹਾਂ, ਸਾਡੇ ਵੱਲ ਕੋਈ ਨਿਗ੍ਹਾ ਨਹੀਂ ਕਰਦਾ। ਸਾਡੇ 31 ਹਜ਼ਾਰ ਕਰੋੜ ਰੁਪਏ ਲਈ ਬੈਠੇ ਹਨ।

ਸਵਾਲ: ਪਰ ਮੋਦੀ ਨੇ ਤਾਂ ਬਾਦਲ ਸਾਬ੍ਹ ਦੇ ਪੈਰੀ ਹੱਥ ਲਾ ਕੇ ਨਾਮਜ਼ਦਗੀ ਪੱਤਰ ਭਰੇ ਸੀ ਤੇ ਫਿਰ ਪੰਜਾਬ ਲਈ ਪਿਆਰ ਕਿਉਂ ਨਹੀਂ ਹੈ?

ਜਵਾਬ: ਦੇਖੋ ਜੀ, ਹੁਣ ਜਦੋਂ ਆਖ਼ਰੀ ਚੋਣਾਂ ਆ ਗਈਆਂ ਹਨ ਤਾਂ ਮੋਦੀ ਨੂੰ ਕੋਈ ਨਾ ਕੋਈ ਤਾਂ ਚਿਹਰਾ ਚਾਹੀਦਾ ਸੀ ਇਹ ਦੱਸਣ ਲਈ ਕਿ ਸਾਡੇ ਨਾਲ ਵੀ ਕੋਈ ਘੱਟ ਗਿਣਤੀ ਕੌਮ ਖੜ੍ਹੀ ਹੈ। ਬਾਦਲ ਸਾਬ੍ਹ ਉਨ੍ਹਾਂ ਨੂੰ ਮਿਲੇ ਨੇ ਜਿਨ੍ਹਾਂ ਨੇ ਪੰਥ ਦੀ ਕੌਮ ਦੇ ਪਿੱਠ ਪਿੱਛੇ ਅਜਿਹਾ ਕੰਮ ਕੀਤਾ ਹੈ। ਜੇ ਬਾਦਲ ਸਾਬ੍ਹ ਕੌਮ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਤਾਂ ਲੰਗਰ ’ਤੇ ਜੀਐਸਟੀ ਨਹੀਂ ਲੱਗਣ ਦਿੰਦੇ। ਹਾਲਾਂਕਿ ਅੰਗਰੇਜ਼ਾਂ ਨੇ ਲੰਗਰ ’ਤੇ ਜਜ਼ੀਆ ਨਹੀਂ ਸੀ ਲਾਇਆ। ਭਾਜਪਾ ਨੇ ਜੀਐਸਟੀ ਲਾ ਦਿਤਾ ਤੇ ਬਾਦਲ ਬੈਠੇ ਤਾੜੀਆਂ ਮਾਰੀ ਜਾਂਦੇ ਸੀ, ਇਹ ਕਿਹੜੀ ਕੌਮ ਦੀ ਨੁਮਾਇੰਦਗੀ ਹੈ? ਫ਼ਖ਼ਰੇ ਕੌਮ ਦਾ ਖਿਤਾਬ ਇਨ੍ਹਾਂ ਨੂੰ ਦਿਤਾ ਗਿਆ ਮੈਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ। ਮੋਦੀ ਜੇ 500 ਰੁਪਇਆ ਮਹੀਨੇ ਦਾ ਕਿਸਾਨ ਨੂੰ ਦੇ ਰਿਹਾ ਹੈ ਤਾਂ ਸੁਖਬੀਰ ਤਾੜੀਆਂ ਮਾਰ ਰਿਹਾ ਹੈ ਤੇ ਜੇ ਕੈਪਟਨ ਸਾਬ੍ਹ ਨੇ 2 ਲੱਖ ਰੁਪਇਆ ਕਿਸਾਨ ਨੂੰ ਦੇ ਦਿਤਾ ਤਾਂ ਕਹਿ ਰਿਹਾ ਹੈ ਕਿ ਘੱਟ ਹੈ। ਸੁਖਬੀਰ ਤਾਂ ਵਪਾਰੀ ਹੈ ਇਹ ਕਦੇ ਕਿਸਾਨ ਹੈ ਹੀ ਨਹੀਂ ਸੀ। ਵੱਡੇ ਬਾਦਲ ਸਾਬ੍ਹ ਕਿਸਾਨ ਜ਼ਰੂਰ ਸਨ ਤੇ ਉਨ੍ਹਾਂ ਨੇ ਕਿਸਾਨੀ ਕੀਤੀ ਸੀ ਪਰ ਪੁੱਤਰ ਮੋਹ ਵਿਚ ਪੈ ਕੇ ਹੁਣ ਤਾਂ ਉਹ ਵੀ ਉਹੋ ਜਿਹੇ ਬਣ ਗਏ ਨੇ।

ਸੁਖਬੀਰ ਕੋਈ ਕਿਸਾਨ ਨਹੀਂ ਹੈ ਤੇ ਨਾ ਹੀ ਸੰਨੀ ਦਿਓਲ ਕਿਸਾਨ ਹੈ। ਮੈਂ ਕਹਿੰਦਾ ਹਾਂ ਬਾਲਾਕੋਟ ਛੱਡੋ ਤੁਸੀਂ ਸੰਨੀ ਦਿਓਲ ਨੂੰ ਬਾਰਦਾਨੇ ਬਾਰੇ ਪੁੱਛ ਲਓ, ਮੈਨੂੰ ਹੇਠਾਂ ਬਿਠਾ ਦੇਣਾ, ਮੈਂ ਅਪਣਾ ਪਰਚਾ ਚੁੱਕ ਲਉਗਾ ਜੇ ਉਹ ਦੱਸ ਦੇਣ ਤਾਂ ਕਿ ਬਾਰਦਾਨਾ ਕੀ ਹੁੰਦਾ ਹੈ।

ਮੈਂ ਸਮਝਦਾ ਹਾਂ ਕਿ ਸੰਨੀ ਦਿਓਲ ਭੋਲੇ ਇਨਸਾਨ ਹਨ ਤੇ ਭਾਜਪਾ ਉਨ੍ਹਾਂ ਨੂੰ ਮੋਹਰਾ ਬਣਾ ਕੇ ਲੈ ਆਈ, ਅਪਣੀਆਂ ਕਮਜ਼ੋਰੀਆਂ ਨੂੰ ਛਿਪਾਉਣ ਲਈ ਤੇ ਕਾਲੀਆਂ ਕਰਤੂਤਾਂ ’ਤੇ ਪਰਦਾ ਪਾਉਣ ਲਈ।

ਸਵਾਲ: ਇੰਨੀ ਦੇਰ ਬਾਅਦ ਪੰਜਾਬ ਦੇ ਜ਼ਖ਼ਮ ਅਖ਼ੀਰ ’ਚ ਆ ਕੇ ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਰਹਿ ਜਾਂਦੇ ਨੇ, ਕੀ ਕਹੋਗੇ ਇਸ ਬਾਰੇ?

ਜਵਾਬ: ਦੇਖੋ ਜੀ, ਪੰਜਾਬ ਦੇ ਜਿਹੜੇ ਜ਼ਖ਼ਮ ਹਨ ਅਸੀਂ ਨਹੀਂ ਚਾਹੁੰਦੇ ਕਿ 35 ਸਾਲ ਲੱਗਣ। ਸਾਨੂੰ ਤਾਂ ਡੇਢ ਸਾਲ ਹੋ ਗਿਆ ਹੈ ਆਇਆ ਨੂੰ, ਅਸੀਂ ਤਾਂ ਚਾਹੁੰਦੇ ਸੀ ਕਿ ਕੰਮ ਨਿਬੇੜ ਦਿਤਾ ਜਾਵੇ। ਦੇਖੋ ਪਹਿਲਾਂ ਐਸ.ਐਸ.ਪੀ. ਅੰਦਰ ਤੇ ਫਿਰ ਇਕ ਆਈ.ਜੀ. ਅੰਦਰ ਗਿਆ। ਅੱਜ ਤੱਕ ਇਤਿਹਾਸ ਵਿਚ ਕਿਸੇ ਆਈ.ਜੀ. ਨੂੰ ਨਹੀਂ ਫੜਿਆ ਗਿਆ। ਪਰ ਇਕ ਗੱਲ ਹੋਰ ਹੁਣ ਪੰਜਾਬੀਆਂ ਨੇ ਮਨ ਬਣਾ ਲਿਆ ਹੈ ਕਿ ਮੋਦੀ ਨੂੰ ਚਲਦਾ ਕਰੀਏ ਤਾਂ ਪੰਜਾਬ ਵੀ ਬਚ ਜਾਉਗਾ।

ਸਵਾਲ: ਤੁਹਾਡੇ ਉਤੇ ‘ਮਿਸ਼ਨ-13’ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ?

ਜਵਾਬ: ਜਿਹੜਾ ਕੈਪਟਨ ਸਾਬ੍ਹ ਦਾ ਇਹ 13 ਦੀਆਂ 13 ਸੀਟਾਂ ਵਾਲਾ ਟੀਚਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਟੀਚੇ ’ਤੇ ਫੁੱਲ ਚੜ੍ਹਾਉਣਗੇ ਤੇ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement