
ਜਾਖੜ ਨੇ ਸੰਨੀ ਨੂੰ ਸਥਾਨਕ ਮੁੱਦਿਆਂ ’ਤੇ ਬਹਿਸ ਕਰਨ ਦੀ ਦਿਤੀ ਸੀ ਚੁਣੌਤੀ
ਪਠਾਨਕੋਟ: ਲੋਕਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸਾਂਸਦ ਸੁਨੀਲ ਜਾਖੜ ਵਲੋਂ ਸਥਾਨਕ ਮੁੱਦਿਆ ’ਤੇ ਬਹਿਸ ਕਰਨ ਦੀ ਚੁਣੌਤੀ ਦੇਣ ’ਤੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ, ‘ਮੈਨੂੰ ਸਿਰਫ਼ ਕੰਮ ਕਰਨਾ ਆਉਂਦਾ ਹੈ, ਗੱਲਾਂ ਤੇ ਬਹਿਸ ਕਰਨਾ ਨਹੀਂ’। ਸੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਿਆਸਤ ਵਿਚ ਆਉਣ ਬਾਰੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਤੇ ਉਨ੍ਹਾਂ ਵਲੋਂ ਚੋਣ ਲੜਨ ਦਾ ਫ਼ੈਸਲਾ ਅਚਾਨਕ ਲਿਆ ਗਿਆ ਹੈ।
Sunny Deol
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣਾ ਹੈ। ਇਸ ਦੌਰਾਨ ਸੰਨੀ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਮੁੱਦਿਆਂ ਨੂੰ ਐਡਰੈੱਸ ਕਰਨ। ਬਹਿਸ ਕਰਨਾ ਜ਼ਰੂਰੀ ਨਹੀਂ, ਬਲਕਿ ਮੁੱਦਿਆਂ ਨੂੰ ਹੱਲ ਕਰਨਾ ਜ਼ਿਆਦਾ ਜ਼ਰੂਰੀ ਹੈ। ਸੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਤੁਹਾਡੇ ਨਾਲ ਖੜਾ ਹਾਂ, ਤੁਸੀਂ ਸਰਕਾਰ ਬਣਾਓ, ਸੈਂਟਰ ਕੋਲੋਂ ਤੁਹਾਡਾ ਹਰ ਕੰਮ ਮੈਂ ਕਰਵਾਊਂਗਾ।’ ਮੁੱਦਿਆਂ ਬਾਰੇ ਬੋਲਦਿਆਂ ਸੰਨੀ ਨੇ ਕਿਹਾ ਕਿ ਉਹ ਹਲਕੇ ਵਿਚ ਨੌਜਵਾਨਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
Sunny Deol & PM Modi
ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਵਿਚ ਸੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਭਾਜਪਾ ਵਲੋਂ ਚੋਣ ਲੜਨ ਦਾ ਫ਼ੈਸਲਾ ਕੀਤਾ। ਪਰਿਵਾਰ ਵਲੋਂ ਚੋਣਾਂ ਵਿਚ ਸਮਰਥਨ ਦੇਣ ਬਾਰੇ ਸੰਨੀ ਨੇ ਕਿਹਾ ਕਿ ਪਿਤਾ ਧਰਮਿੰਦਰ ਜਲਦੀ ਹੀ ਇੱਥੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਉਣਗੇ।