
ਪੰਜਾਬ ਦੀਆਂ ਦੋ ਸੀਟਾਂ ਅਕਾਲੀ ਦਲ ਲਈ 11 ਨਾਲੋਂ ਜ਼ਿਆਦਾ ਅਹਿਮ
ਸਾਲ 2019 ਦੀਆਂ ਲੋਕ ਸਭਾ ਚੋਣਾਂ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਨਾਲੋਂ ਕਾਫ਼ੀ ਅਹਿਮ ਹਨ, ਦੇਸ਼ ਪੱਧਰ 'ਤੇ ਵੀ, ਪੰਜਾਬ ਪੱਧਰ 'ਤੇ ਵੀ। ਪਰ ਅਸੀਂ ਗੱਲ ਕਰਾਂਗੇ ਸਿਰਫ਼ ਪੰਜਾਬ ਦੀ। ਦਰਅਸਲ ਪੰਜਾਬ ਵਿਚ ਇਸ ਵਾਰ ਇਕ ਵੱਡੀ ਪਾਰਟੀ ਦਾ ਸਿਆਸੀ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਉਹ ਹੈ ਸ਼੍ਰੋਮਣੀ ਅਕਾਲੀ ਦਲ।
Harsimrat Kaur Badal
ਜੇਕਰ ਇੰਝ ਕਹਿ ਲਈਏ ਕਿ ਇਸ ਪਾਰਟੀ ਦਾ ਸਿਆਸੀ ਭਵਿੱਖ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਫਿਰੋਜ਼ਪੁਰ ਅਤੇ ਬਠਿੰਡਾ ਦੇ ਲੋਕਾਂ ਦੇ ਹੱਥ ਵਿਚ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ। ਇਨ੍ਹਾਂ ਦੋਵੇਂ ਸੀਟਾਂ ਵਿਚੋਂ ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜਿੱਤਣ ਲਈ ਹੀ ਨਹੀਂ ਬਲਕਿ ਪਾਰਟੀ ਦੀ ਸ਼ਾਖ਼ ਬਚਾਉਣ ਲਈ ਚੋਣ ਲੜ ਰਹੇ ਹਨ।
Sukhbir Singh Badal
ਬਾਕੀ ਦੀਆਂ 11 ਸੀਟਾਂ ਨਾਲੋਂ ਇਨ੍ਹਾਂ ਦੋ ਸੀਟਾਂ ਨੂੰ ਜਿੱਤਣਾ ਅਕਾਲੀ ਦਲ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਿਆਸੀ ਹਲਕਿਆਂ ਵਿਚ ਸਰਗੋਸ਼ੀਆਂ ਚੱਲ ਰਹੀਆਂ ਹਨ ਕਿ ਜੇ ਸੂਬੇ ਦੀ ਸੱਤਾਧਾਰੀ ਪਾਰਟੀ ਇਨ੍ਹਾਂ ਦੋਹਾਂ ਸੀਟਾਂ ਤੋਂ ਹਾਰ ਜਾਂਦੀ ਹੈ ਅਤੇ ਬਾਕੀ ਗਿਆਰਾਂ ਸੀਟਾਂ ਜਿੱਤ ਜਾਂਦੀ ਹੈ ਤਾਂ ਬਾਕੀ ਸੀਟਾਂ ਦੀ ਜਿੱਤ ਬੇਮਾਅਨੇ ਹੋ ਕੇ ਰਹਿ ਜਾਵੇਗੀ। ਅਕਾਲੀ ਦਲ ਲਈ ਇਹ ਦੋ ਸੀਟਾਂ ਇੰਨੀਆਂ ਜ਼ਿਆਦਾ ਵੱਕਾਰੀ ਹਨ।
Sukhbir Singh Badal
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਆਕਾਲੀ-ਭਾਜਪਾ ਸਰਕਾਰ ਦੇ ਸਮੇਂ 2015 ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਅਕਾਲੀ-ਭਾਜਪਾ ਸਰਕਾਰ ਦੀ ਬੇੜੀ 'ਚ ਵੱਟੇ ਪਏ ਅਤੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੱਤਾ ਵਿਚ ਆਈ। ਇਨ੍ਹਾਂ ਮੁੱਦਿਆਂ ਵਿਚ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਨੂੰ ਮਾਫ਼ੀ ਦੁਆਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ 'ਤੇ ਸੱਦਣਾ ਸ਼ਾਮਲ ਹੈ।
Sukhbir Singh Badal
ਰਹਿੰਦੀ ਖੂੰਹਦੀ ਕਸਰ ਅਕਾਲੀ ਦਲ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੁੜੇ ਸਮੁੱਚੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਵਾ ਕੇ ਕੱਢ ਲਈ ਹੈ। ਜਿਸ ਮਗਰੋਂ ਉਸ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਪੰਜਾਬ ਭਰ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
Sukhbir Singh Badal and Harsimrat Kaur Badal
ਸਿੱਖ ਕਾਰਕੁਨਾਂ ਨੇ ਸੁਖ਼ਬੀਰ ਅਤੇ ਹਰਸਿਮਰਤ ਦੇ ਹਲਕਿਆਂ ਵਿਚ ਕਾਲੇ ਝੰਡਿਆਂ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਦੇ ਕਾਫ਼ਲਿਆਂ ਨੂੰ ਆਪਣੇ ਰੂਟ ਬਦਲਣੇ ਪੈ ਰਹੇ ਹਨ। ਅਕਾਲੀ ਦਲ ਨੂੰ ਸੂਬੇ ਵਿਚ ਹਰ ਥਾਂ ਇਸ ਭਾਵੁਕ ਮੁੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਵਲੋਂ ਬਾਦਲਾਂ ਨੂੰ ਹੀ ਇਸ ਹਾਲਾਤ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
Sukhbir Singh Badal and Harsimrat Kaur Badal
ਜਿਸ ਕਾਰਨ 14 ਅਕਤੂਬਰ 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਵਿਚ ਪੁਲਿਸ ਨੇ ਗੋਲੀ ਚਲਾਈ ਅਤੇ ਇਸ ਵਿਚ ਦੋ ਮੌਤਾਂ ਹੋਈਆਂ। ਕਾਂਗਰਸ ਕੋਲ ਇਹੀ ਮੁੱਦਾ ਅਕਾਲੀਆਂ ਨੂੰ ਮਾਤ ਦੇਣ ਲਈ ਬ੍ਰਹਮਸ਼ਸ਼ਤਰ ਹੈ। ਇਸ ਲਈ ਸੁਖਬੀਰ ਬਾਦਲ ਲਈ ਇਹ ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਸਵਾਲ ਹੈ। ਜੇ ਕਿਸੇ ਤਰੀਕੇ ਪਤੀ-ਪਤਨੀ ਦੀ ਇਹ ਜੋੜੀ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਅਕਾਲੀ ਦਲ ਸੂਬੇ ਦੇ ਸਿਆਸੀ ਪਿੜ ਵਿਚ ਆਪਣੀ ਕੇਂਦਰੀ ਥਾਂ ਮੁੜ ਤੋਂ ਹਾਸਲ ਕਰ ਲਵੇਗਾ।
ਜੇ ਦੋਹਾਂ ਵਿਚੋਂ ਇਕ ਵੀ ਸੀਟ ਅਕਾਲੀ ਦਲ ਹਾਰਿਆ ਤਾਂ ਉਸ ਲਈ ਵਾਪਸੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸੇ ਕਾਰਨ ਸੁਖਬੀਰ ਨੇ ਖ਼ਤਰਾ ਮੁੱਲ ਲਿਆ ਹੈ। ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਹੀ ਇਕ ਪਰਿਵਾਰ ਤੱਕ ਮਹਿਦੂਦ ਕੀਤਾ ਸੀ, ਇਸ ਲਈ ਖ਼ਤਰਾ ਵੀ ਪਰਿਵਾਰ ਨੇ ਹੀ ਚੁੱਕਿਆ ਹੈ। ਹੁਣ ਅਕਾਲੀ ਦਲ ਦਾ ਸਿਆਸੀ ਭਵਿੱਖ ਫਿਰੋਜ਼ਪੁਰ ਅਤੇ ਬਠਿੰਡਾ ਦੇ ਲੋਕਾਂ ਦੇ ਹੱਥ ਵਿਚ ਹੈ ਕਿ ਉਹ ਇਸ ਨੂੰ ਡੋਬਣਗੇ ਜਾਂ ਇਸ ਦੀ ਬੇੜੀ ਬੰਨੇ ਲਗਾਉਣਗੇ।