
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਜਾਰੀ ਅੰਦੋਲਨ ਵਿਚ ਡਟੇ ਚਾਰ ਕਿਸਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ।
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਜਾਰੀ ਅੰਦੋਲਨ ਵਿਚ ਡਟੇ ਚਾਰ ਕਿਸਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ।
ਬਰਨਾਲਾ ਦੇ ਦੋ ਕਿਸਾਨਾਂ ਦਾ ਦੇਹਾਂਤ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਟਿਕਰੀ ਬਾਰਡਰ ’ਤੇ ਡਟੇ ਮਹਿਲ ਕਲਾਂ ਦੇ ਕਿਸਾਨ ਸੁਖਵਿੰਦਰ ਸਿੰਘ (ਇਕਾਈ ਪ੍ਰਧਾਨ) ਦਾ ਬਿਮਾਰ ਰਹਿਣ ਮਗਰੋਂ ਦੇਹਾਂਤ ਹੋ ਗਿਆ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਕਿਰਪਾਲ ਸਿੰਘ ਵਾਲਾ ਦੇ ਰਹਿਣ ਵਾਲੇ ਕਿਸਾਨ ਆਤਮਾ ਸਿੰਘ ਦਾ ਵੀ ਦੇਹਾਂਤ ਹੋ ਗਿਆ।
Farmers Protest
ਸਰਦੂਲਗੜ੍ਹ ਦੇ ਕਿਸਾਨ ਨਿਰਮਲ ਸਿੰਘ ਦੀ ਮੌਤ
ਟਿਕਰੀ ਬਾਰਡਰ ’ਤੇ ਜਾਰੀ ਸੰਘਰਸ਼ ਤੋਂ ਪਰਤੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਕਿਸਾਨ ਨਿਰਮਲ ਸਿੰਘ ਦੀ ਬਿਮਾਰ ਹੋਣ ਦੇ ਚਲਦਿਆਂ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨ ਨਿਰਮਲ ਸਿੰਘ (64) ਬੀਤੇ 20 ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਗਰਮ ਮੈਂਬਰ ਸੀ। ਖ਼ਰਾਬ ਸਿਹਤ ਦੇ ਚਲਦਿਆਂ ਉਹਨਾਂ ਨੂੰ ਮਾਨਸਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ।
Farmers
ਮੋਰਚੇ ਤੋਂ ਪਰਤੇ ਗੁਰਦਾਸਪੁਰ ਦੇ ਕਿਸਾਨ ਦਾ ਹੋਇਆ ਦੇਹਾਂਤ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਬਰ ਦੇ ਕਿਸਾਨ ਕਸ਼ਮੀਰ ਸਿੰਘ ਵੀ ਅਚਾਨਕ ਸਿਹਤ ਵਿਗੜਨ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਕਸ਼ਮੀਰ ਸਿੰਘ 20 ਅਪ੍ਰੈਲ ਨੂੰ ਗੁਰਦਾਸਪੁਰ ਤੋਂ ਜਥੇ ਨਾਲ ਦਿੱਲੀ ਮੋਰਚੇ ਵਿਚ ਹਾਜ਼ਰੀ ਭਰਨ ਗਏ ਸੀ।
ਕੁਝ ਦਿਨ ਪਹਿਲਾਂ ਮੋਰਚੇ ਵਿਚ ਹੀ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹ ਪਿੰਡ ਪਰਤ ਆਏ। ਇਸ ਦੌਰਾਨ ਬੀਤੇ ਦਿਨੀਂ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ।