
ਮੰਤਰੀ, ਵਿਧਾਇਕ ਤੇ ਆਗੂ ਦੋ ਹਿੱਸਿਆਂ ਵਿਚ ਵੰਡੇ ਗਏ। ਰੰਧਾਵਾ, ਚੰਨੀ ਤੇ ਕਾਂਗੜ ਨਾਲ ਸੰਸਦ ਮੈਂਬਰ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਵੀ ਜੁੜੇ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੱਦ ਕਰਵਾ ਦੇਣ ਦੇ ਫ਼ੈਸਲੇ ਬਾਅਦ ਪੰਜਾਬ ਕਾਂਗਰਸ ਵਿਚ ਪੈਦਾ ਹੋਈ ਹਿਲਜੁਲ ਹੁਣ ਪਾਰਟੀ ਦੇ ਵੱਡੇ ਸੰਕਟ ਦਾ ਰੂਪ ਲੈ ਰਹੀ ਹੈ। ਇਸੇ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚ ਸ਼ੁਰੂ ਹੋਈ ਖੁਲ੍ਹੀ ਜੰਗ ਬਾਅਦ ਹੁਣ ਪੰਜਾਬ ਕਾਂਗਰਸ ਵੀ ਸਪੱਸ਼ਟ ਰੂਪ ਵਿਚ ਹਾਈ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਦੋ ਹਿੱਸਿਆਂ ਵਿਚ ਵੰਡੀ ਜਾ ਚੁੱਕੀ ਹੈ। ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਨੂੰ ਦਿਤੇ ਗਏ ਅਸਤੀਫ਼ਿਆਂ ਦੇ ਘਟਨਾਕ੍ਰਮ ਤੋਂ ਬਾਅਦ ਮਾਮਲਾ ਗੰਭੀਰ ਰੂਪ ਧਾਰ ਰਿਹਾ ਹੈ।
Navjot singh Sidhu
ਨਵਜੋਤ ਸਿੰਘ ਸਿੱਧੂ ਹਰ ਦਿਨ ਮੁੱਖ ਮੰਤਰੀ ਨੂੰ ਸਿੱਧੀ ਚੁਨੌਤੀ ਦੇ ਰਹੇ ਹਨ। ਭਾਵੇਂ ਮੁੱਖ ਮੰਤਰੀ ਨੇ ਨਵੀਂ ਸਿੱਟ ਬਣਾਉਣ ਬਾਅਦ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੜ ਸ਼ੁਰੂ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਕਈ ਸੀਨੀਅਰ ਮੰਤਰੀ, ਆਗੂ, ਸੰਸਦ ਮੈਂਬਰ ਤੇ ਵਿਧਾਇਕ ਸੰਤੁਸ਼ਟ ਨਹੀਂ। ਹੁਣ ਤਾਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।
Sukhjinder Singh Randhawa
ਜਿਥੇ ਤਿੰਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਅੱਜ ਖੁਲ੍ਹੇਆਮ ਗੋਲੀ ਕਾਂਡ ਦੇ ਛੇਤੀ ਨਿਆਂ ਲਈ ਇਕ ਪਾਸੇ ਆ ਗਏ ਹਨ ਤੇ ਅਪਣੀ ਚਿੰਤਾ ਪ੍ਰਗਟ ਕੀਤੀ ਹੈ ਪਰ ਦੂਜੇ ਪਾਸੇ ਤਿੰਨ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਤੇ ਸੁੰਦਰ ਸ਼ਾਮ ਅਰੋੜਾ ਮੁੱਖ ਮੰਤਰੀ ਦੇ ਖੁਲ੍ਹ ਕੇ ਹੱਕ ਵਿਚ ਆ ਗਏ ਹਨ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਤੁਰਤ ਪਾਰਟੀ ਵਿਚੋਂ ਕੱਢਣ ਦੀ ਹਾਈ ਕਮਾਨ ਤੋਂ ਮੰਗ ਕੀਤੀ ਹੈ ਅਤੇ ਪਾਰਟੀ ਵਿਚ ਅਨੁਸ਼ਾਸਨ ਕਾਇਮ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਪੰਚਕੂਲਾ ਵਿਚ ਕੁੱਝ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਵੀ ਕਾਫ਼ੀ ਚਰਚਾ ਸੀ। ਮੰਤਰੀ ਚੰਨੀ ਵੀ ਇਨ੍ਹਾਂ ਮੀਟਿੰਗਾਂ ਵਿਚ ਰੰਧਾਵਾ ਨਾਲ ਅਹਿਮ ਭੂਮਿਕਾ ਨਿਭਾਉਂਦੇ ਦਸੇ ਜਾ ਰਹੇ ਹਨ।
Sunil Jakhar
ਹੁਣ ਤਾਂ ਮੁੱਖ ਮੰਤਰੀ ਵਲੋਂ ਸਥਿਤੀ ਨੂੰ ਭਾਂਪਦਿਆਂ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਅੱਜ ਹੀ ਇਸ ਕੰਮ ਲਈ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਰੰਧਾਵਾ ਨਾਲ ਗੱਲਬਾਤ ਕੀਤੀ ਹੈ। ਪਰ ਅੱਜ ਹੀ ਦੂਜੇ ਪਾਸੇ ਮੀਟਿੰਗਾਂ ਦੇ ਸਿਲਸਿਲੇ ਤਹਿਤ ਰੰਧਾਵਾ, ਚੰਨੀ ਤੇ ਕਾਂਗੜ ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੱਲਬਾਤ ਕੀਤੀ ਹੈ। ਸੱਭ ਨੇ ਹਾਈ ਕੋਰਟ ਦੇ ਫ਼ੈਸਲੇ ਬਾਰੇ ਸਾਂਝੀ ਰਣਨੀਤੀ ’ਤੇ ਇਕਮੁੱਠਤਾ ਜ਼ਾਹਰ ਕੀਤੀ ਅਤੇ ਚੋਣਾਂ ਨੇੜੇ ਹੋਣ ਕਾਰਨ ਪਾਰਟੀ ਨੁਕਸਾਨ ਦੇ ਮੱਦੇਨਜ਼ਰ ਹਰ ਹਾਲਤ ਵਿਚ ਛੇਤੀ ਨਿਆਂ ਦੀ ਗੱਲ ਕੀਤੀ ਹੈ।
Ravneet Bittu
ਇਸ ਮਾਮਲੇ ਨੂੰ ਲੈ ਕੇ ਪਾਰਟੀ ਹਾਈਕਮਾਨ ਨਾਲ ਵੀ ਗੱਲ ਕੀਤੀ ਜਾਵੇਗੀ ਤਾਂ ਜੋ ਕੋਈ ਹੱਲ ਨਿਕਲ ਜਾਵੇ। ਭਾਵੇਂ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ’ਤੇ ਸਰਕਾਰ ਦੀ ਸਥਿਤੀ ’ਤੇ ਪੂਰੀ ਨਜ਼ਰ ਰੱਖ ਰਿਹਾ ਹੈ ਪਰ ਹਾਲੇ ਚੁੱਪ ਹੈ। ਇਸ ਤਰ੍ਹਾਂ ਹੁਣ ਪੰਜਾਬ ਕਾਂਗਰਸ ਦਾ ਮਾਮਲਾ ਹਾਈਕਮਾਨ ਹੀ ਹੱਲ ਕਰ ਸਕਦਾ ਹੈ। ਇਹ ਵੀ ਚਰਚਾ ਹੈ ਕਿ ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਥਾਂ ਪ੍ਰਿਯੰਕਾ ਗਾਂਧੀ ਜਾਂ ਕਿਸੇ ਹੋਰ ਵੱਡੇ ਨੇਤਾ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਦਿਤੀ ਜਾਵੇ ਪਰ ਇਸ ਵੇਲੇ ਪੰਜਾਬ ਕਾਂਗਰਸ ਅੰਦਰਲੀ ਸਥਿਤੀ ਦਿਲਚਸਪ ਬਣੀ ਹੋਈ ਹੈ ਤੇ ਇਹ ਕੋਈ ਵੀ ਮੋੜ ਲੈ ਸਕਦੀ ਹੈ।