
ਪੁਲਿਸ ਨੇ ਹਿਰਾਸਤ 'ਚ ਲਏ 5 ਮੁਲਜ਼ਮ
ਅੰਮ੍ਰਿਤਸਰ : ਪੰਜਾਬ 'ਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਕਰੀਬ 5 ਦਿਨਾਂ 'ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਸਵੇਰੇ 12.45 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਹੜਕੰਪ ਮਚ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਪੁਲਿਸ ਰਾਤ ਨੂੰ ਹੀ ਉਥੇ ਪਹੁੰਚ ਗਈ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਟੀਮਾਂ ਮੌਕੇ ਤੋਂ ਸੈਂਪਲ ਲੈ ਰਹੀਆਂ ਹਨ। 5ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਸੋਮਵਾਰ ਨੂੰ ਵੀ ਧਮਾਕੇ ਹੋ ਚੁੱਕੇ ਹਨ।
ਸੂਤਰਾਂ ਅਨੁਸਾਰ ਪੁਲੀਸ ਨੂੰ ਮੌਕੇ ਤੋਂ ਇੱਕ ਪੱਤਰ ਵੀ ਮਿਲਿਆ ਹੈ, ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਕਬਜ਼ੇ ਵਿਚ ਲੈ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਇਸ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਅਤੇ ਕੀ ਇਸ ਦਾ ਧਮਾਕੇ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵਿਕਰਮਜੀਤ ਸਿੰਘ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਰਾਤ ਸਮੇਂ ਜ਼ੋਰਦਾਰ ਆਵਾਜ਼ ਸੁਣਾਈ ਦਿਤੀ। ਇਹ ਧਮਾਕਾ ਲੰਗਰ ਹਾਲ ਅਤੇ ਸ੍ਰੀ ਗੁਰੂ ਰਾਮਦਾਸ ਜੀ ਸਰਾਏ ਦੇ ਨੇੜੇ ਖ਼ਾਲੀ ਥਾਂ 'ਤੇ ਹੋਇਆ, ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪਰ ਇਸ ਕਾਰਨ ਸੰਗਤ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਮੌਕੇ ’ਤੇ ਪੁੱਜੇ। ਉਸ ਨੇ ਸਥਿਤੀ ਦਾ ਜਾਇਜ਼ਾ ਲਿਆ ਪਰ ਘਟਨਾ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ ਕੁਝ ਘੰਟਿਆਂ ਵਿਚ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿਤੀ ਜਾਵੇਗੀ। ਹੁਣ ਪੁਲਿਸ ਨੂੰ ਕੰਮ ਕਰਨ ਦਿਓ। ਹੁਣ ਅਸੀਂ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ ਹੈ।