
ਕਿਸਾਨ ਅਪਣੀ ਕਣਕ ਦੀ ਫ਼ਸਲ ਵੇਚਣ ਅਤੇ ਤੂੜੀ ਸਾਂਭਣ ਦੇ ਨਾਲ-ਨਾਲ ਅਗਲੀ ਫ਼ਸਲ ਦੀ ਬਿਜਾਈ ਲਈ ਰੁਝਿਆ ਹੋਇਆ ਹੈ
Lok Sabha Elections 2024: ਕੋਟਕਪੂਰਾ (ਗੁਰਿੰਦਰ ਸਿੰਘ) : ਦੇਸ਼ ਦੇ ਕਈ ਹਿੱਸਿਆਂ ’ਚ ਤਿੰਨ ਪੜਾਵਾਂ ਵਿਚ ਪੋਲਿੰਗ ਹੋ ਚੁੱਕੀ ਹੈ ਤੇ ਪੰਜਾਬ ਵਿਚ ਵੀ ਬੀਤੀ 7 ਮਈ ਤੋਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ, ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਾਂ ਆਜ਼ਾਦ ਉਮੀਦਵਾਰ ਰੋਡ ਸ਼ੋਅ, ਰੈਲੀਆਂ ਕਰ ਕੇ ਜਾਂ ਲਾਈਵ ਹੋ ਕੇ ਆਪੋ-ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਰਹੇ ਹਨ, ਅੱਜ ਚੌਥੇ ਦਿਨ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਆਪੋ-ਅਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਜਿੱਤ ਯਕੀਨੀ ਹੋਣ ਦੇ ਦਾਅਵੇ ਕੀਤੇ ਪਰ ਆਮ ਵੋਟਰ ਅਜੇ ਵੀ ਚੁੱਪ ਅਤੇ ਸ਼ਾਂਤ ਹੈ।
ਇਸ ਵਾਰ ਕਿਸੇ ਵੀ ਪਾਰਟੀ ਦੇ ਹੱਕ ਵਿਚ ਹਵਾ ਨਹੀਂ, ਪਹਿਲਾਂ ਦੀ ਤਰਾਂ ਵੋਟਰ ਆਪ ਮੁਹਾਰੇ ਬੈਨਰ ਜਾਂ ਝੰਡੀਆਂ-ਝੰਡੇ ਲਾਉਣ ਦੀਆਂ ਸੇਵਾਵਾਂ ਨਹੀਂ ਨਿਭਾਅ ਰਿਹਾ। ਥੋਕ ਵਿਚ ਹੋਈਆਂ ਦਲਬਦਲੀਆਂ, ਸਿਰਫ਼ ਟਿਕਟ ਨਾ ਮਿਲਣ ’ਤੇ 50-50 ਸਾਲ ਪੁਰਾਣੀਆਂ ਵਫ਼ਾਦਾਰੀਆਂ ਨੂੰ ਤਿਆਗ ਕੇ ਦੂਜੀ ਪਾਰਟੀ ਵਿਚ ਛੜੱਪਾ ਮਾਰਨ ਦੀਆਂ ਅਨੇਕਾਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਕਿ ਇਸ ਵਾਰ ਦਲਬਦਲੀਆਂ ਦੇ ਮਾਮਲੇ ਵਿਚ ਪੰਜਾਬ ਨੇ ਪਿਛਲੇ ਸਾਰੇ ਰੀਕਾਰਡ ਤੋੜ ਦਿਤੇ ਹਨ।
ਕਿਸਾਨ ਅਪਣੀ ਕਣਕ ਦੀ ਫ਼ਸਲ ਵੇਚਣ ਅਤੇ ਤੂੜੀ ਸਾਂਭਣ ਦੇ ਨਾਲ-ਨਾਲ ਅਗਲੀ ਫ਼ਸਲ ਦੀ ਬਿਜਾਈ ਲਈ ਰੁਝਿਆ ਹੋਇਆ ਹੈ, ਦੁਕਾਨਦਾਰ ਆਪੋ-ਅਪਣੇ ਕਾਰੋਬਾਰ ਵਿਚ ਮਸਤ ਹਨ, ਹਰ ਥਾਂ ਭਾਵੇਂ ਗੱਲਾਂ ਤਾਂ ਸਿਰਫ਼ ਵੋਟਾਂ ਦੀਆਂ ਹੀ ਹੋ ਰਹੀਆਂ ਹਨ ਪਰ ਕੋਈ ਵੀ ਵੋਟਰ ਖੁਲ੍ਹ ਕੇ ਕਿਸੇ ਵੀ ਉਮੀਦਵਾਰ ਨਾਲ ਤੁਰਨ ਦੀ ਜ਼ਰੂਰਤ ਨਹੀਂ ਸਮਝ ਰਿਹਾ, ਕਿਉਂਕਿ ਹੁਣ ਵੋਟਰ ਨੂੰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਹ ਜਿਸ ਉਮੀਦਵਾਰ ਨੂੰ ਵੋਟ ਪਾਵੇਗਾ, ਕੀ ਉਹ ਉਮੀਦਵਾਰ ਜਿੱਤਣ ਤੋਂ ਬਾਅਦ ਅਪਣੇ ਸਟੈਂਡ ’ਤੇ ਰਹੇਗਾ ਜਾਂ ਅਪਣੇ ਸਮਰਥਕਾਂ ਨੂੰ ਵਿਸ਼ਵਾਸ ’ਚ ਲਏ ਬਿਨਾ ਹੀ ਪਾਰਟੀ ਬਦਲ ਜਾਵੇਗਾ?
ਇਸ ਵਾਰ ਕਈ ਥਾਂ ਵੋਟਰ ਤਾਂ ਅਪਣੀ ਮਾਂ ਪਾਰਟੀ ਨਾਲ ਵਫ਼ਾਦਾਰੀ ਵਿਖਾ ਰਿਹਾ ਹੈ ਪਰ ਆਗੂ ਨੇ ਵਫ਼ਾਦਾਰੀ ਬਦਲਣ ਵੇਲੇ ਮਿੰਟਾਂ-ਸਕਿੰਟਾਂ ਵਿਚ ਹੀ ਕਾਰਨਾਮਾ ਕਰ ਕੇ ਵਿਖਾ ਦਿਤਾ। ਦਲਬਦਲੀਆਂ ਦੇ ਮਾਮਲੇ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਅਕਸ ਸਾਫ਼-ਸੁਥਰਾ ਨਹੀਂ ਰਿਹਾ। ਲਗਭਗ ਸਾਰੀਆਂ ਪਾਰਟੀਆਂ ਨੇ ਮਹਿਜ਼ 24 ਜਾਂ 48 ਘੰਟੇ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਨੂੰ ਟਿਕਟ ਦੇਣ ਦੀ ਦੇਰੀ ਨਹੀਂ ਲਾਈ। ਸਾਰੀਆਂ ਪਾਰਟੀਆਂ ਨੇ ਅਪਣੇ ਵਫ਼ਾਦਾਰ ਅਤੇ ਮਿਹਨਤੀ ਆਗੂਆਂ/ਵਰਕਰਾਂ ਨਾਲ ਧੋਖਾ ਕਰ ਕੇ ਵਿਰੋਧੀ ਪਾਰਟੀਆਂ ’ਚੋਂ ਆਏ ਮੌਕਾਪ੍ਰਸਤ ਆਗੂਆਂ ਨੂੰ ਟਿਕਟਾਂ ਦੇਣ ’ਚ ਅਪਣੀ ਭਲਾਈ ਸਮਝੀ ਹੈ।
ਇਸ ਵਾਰ ਪੰਜਾਬ ਦੀਆਂ ਸਾਰੀਆਂ ਅਰਥਾਤ 13 ਸੀਟਾਂ ’ਤੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੇਗੀ, ਆਮ ਆਦਮੀ ਪਾਰਟੀ ਨੇ ਚਾਰ ਵਿਧਾਇਕ ਅਤੇ ਪੰਜ ਮੰਤਰੀ ਮੈਦਾਨ ਵਿਚ ਉਤਾਰੇ ਹਨ, ਕਾਂਗਰਸ ਨੇ ਤਿੰਨ ਵਿਧਾਇਕ, ਜਦਕਿ ਸ਼ੀਤਲ ਅੰਗੂਰਾਲ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਅਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਦੋ ਸੀਟਾਂ ’ਤੇ ਤਾਂ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ
ਪਰ ਜੇਕਰ ‘ਆਪ’ ਦੇ 9 ਅਤੇ ਕਾਂਗਰਸ ਦੇ ਤਿੰਨ ਵਿਧਾਇਕਾਂ ਵਿਚੋਂ ਜਿੰਨੀਆਂ ਸੀਟਾਂ ਉਪਰ ਉਹ ਜਿੱਤ ਪ੍ਰਾਪਤ ਕਰਦੇ ਹਨ, ਉਨ੍ਹਾਂ ਸੀਟਾਂ ਉਪਰ ਵੀ ਜ਼ਿਮਨੀ ਚੋਣਾਂ ਹੋਣਗੀਆਂ, ਦੁਬਾਰਾ ਫਿਰ ਪੰਜਾਬ ਸਿਰ ਖਰਚੇ ਦਾ ਬੋਝ ਪਵੇਗਾ, ਘੱਟੋ-ਘੱਟ ਇਕ ਤੋਂ ਦੋ ਮਹੀਨੇ ਤਕ ਪੰਜਾਬ ਵਾਸੀਆਂ ਨੂੰ ਚੋਣ ਜ਼ਾਬਤੇ ਦੀ ਮਾਰ ਵੀ ਝੱਲਣੀ ਪਵੇਗੀ, ਕੁਲ ਮਿਲਾ ਕੇ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਆਪੋ-ਅਪਣੀ ਪਾਰਟੀ ਦੇ ਵੱਡੇ ਅਤੇ ਤਜ਼ਰਬੇਕਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਪਰ ਫਿਰ ਵੀ ਵੋਟਰ ਉਨ੍ਹਾਂ ਨਾਲ ਤੁਰਨ ਲਈ ਤਿਆਰ ਨਹੀਂ।
ਜੇਕਰ ਸੱਤਾਧਾਰੀ ਧਿਰ ਜਾਂ ਰਵਾਇਤੀ ਪਾਰਟੀਆਂ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਉਨ੍ਹਾਂ ਦਾ ਵਿਕਾਸ ਮੂੰਹੋਂ ਬੋਲਦਾ ਪਰ ਇਥੇ ਸਾਰੀਆਂ ਪਾਰਟੀਆਂ ਦੇ ਆਗੂ ਆਪੋ-ਅਪਣੀ ਪਾਰਟੀ ਨੂੰ ਲੋਕ ਹਿਤ ਵਿਚ ਦਰਸਾਉਣ ਅਤੇ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰਨ ’ਤੇ ਜ਼ੋਰ ਦੇ ਰਹੇ ਹਨ ਪਰ ਪੰਜਾਬ ਦਾ ਦਰਦ ਕੋਈ ਵੀ ਨਹੀਂ ਸਮਝ ਰਿਹਾ, ਜਿਥੇ ਤੇਜ਼ ਧੁੱਪ ਅਤੇ ਸਖ਼ਤ ਗਰਮੀ ਦੇ 42 ਡਿਗਰੀ ਤੋਂ ਜ਼ਿਆਦਾ ਦੇ ਤਾਪਮਾਨ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਪਸੀਨੇ ਛੁਡਾ ਦਿਤੇ ਹਨ, ਉਥੇ ਵੋਟਰ ਦੀ ਜ਼ਬਰਦਸਤ ਚੁੱਪ ਨੇ ਵੀ ਲੀਡਰਾਂ ਦੀ ਬੇਚੈਨੀ ਵਿਚ ਵਾਧਾ ਕੀਤਾ ਹੈ।