
ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਰਾਜਨੀਤਕ ਰਾਖਵਾਂਕਰਨ ਦਿਤਾ ਜਾਵੇ : ਐਨ.ਐਸ.ਐਫ਼
ਜੰਮੂ-ਕਸ਼ਮੀਰ ਵਿਚ ਸਿੱਖ ਰਾਜਨੀਤਕ ਅਤੇ ਆਰਥਕ ਤੌਰ 'ਤੇ ਪਛੜੇ ਹੋਏ ਹਨ: ਵਰਿੰਦਰਜੀਤ ਸਿੰਘ
ਜੰਮੂ, 10 ਜੂਨ (ਸਰਬਜੀਤ ਸਿੰਘ): ਨੈਸ਼ਨਲ ਸਿੱਖ ਫ਼ਰੰਟ (ਐਨਐਸਐਫ਼) ਨੇ ਜੰਮੂ-ਕਸ਼ਮੀਰ ਵਿਚ ਸਿੱਖਾਂ ਲਈ ਰਾਜਨੀਤਕ ਰਾਖਵਾਂਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਘੱਟੋ ਘੱਟ ਦੋ ਸੀਟਾਂ ਸਿੱਖਾਂ ਲਈ ਵਿਧਾਨ ਸਭਾ ਵਿਚ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ |
ਫ਼ਰੰਟ ਦੇ ਚੇਅਰਮੈਨ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਘੱਟਗਿਣਤੀ ਵਿਚ ਰਹਿੰਦੇ ਸਿੱਖ ਰਾਜਨੀਤਕ, ਵਿਦਿਅਕ ਅਤੇ ਆਰਥਕ ਤੌਰ 'ਤੇ ਪਛੜੇ ਹੋਏ ਹਨ | ਇਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਦੀ ਆਵਾਜ਼ ਰਾਜਨੀਤਕ ਹਲਕਿਆਂ ਵਿਚ ਨਹੀਂ ਸੁਣਾਈ ਦੇਂਦੀ | ਉਨ੍ਹਾਂ ਕਿਹਾ ਕਿ ਸਿੱਖ ਅੱਜ ਵੀ ਕਸ਼ਮੀਰ ਦੇ ਲਗਭਗ ਹਰ ਜ਼ਿਲ੍ਹੇ ਦੇ ਨਾਲ ਨਾਲ ਜੰਮੂ ਪ੍ਰਾਂਤ ਵਿਚ ਘੱਟ ਗਿਣਤੀ ਦੇ ਤੌਰ 'ਤੇ ਰਹਿੰਦੇ ਹਨ | ਉਨ੍ਹਾਂ ਕਿਹਾ ਕਸ਼ਮੀਰ ਵਿਚ ਹਜ਼ਾਰਾਂ ਸਿੱਖ ਦੂਸਰੇ ਘੱਟ ਗਿਣਤੀ ਭਾਈਚਾਰਿਆਂ (ਕਸ਼ਮੀਰੀ ਪੰਡਤਾਂ) ਦੇ ਪ੍ਰਵਾਸ ਤੋਂ ਬਾਅਦ ਵੀ ਵਾਦੀ ਵਿਚ ਰਹਿ ਰਹੇ ਹਨ |
ਜੰਮੂ-ਕਸ਼ਮੀਰ ਦੇ ਸਿੱਖਾਂ ਨੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਦੇ ਹਿਤ ਲਈ ਅਪਣੀਆਂ ਜਾਨਾਂ ਵੀ ਦਿਤੀਆਂ | ਅਤਿਵਾਦ ਦੇ ਇਨ੍ਹਾਂ ਸਾਲਾਂ ਦੌਰਾਨ ਸਿੱਖ ਭਾਈਚਾਰੇ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਕਿਹਾ ਜਦੋਂ ਸਿੱਖਾਂ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਗੱਲ ਆਉਂਦੀ ਹੈ, ਤਾਂ ਮੁਆਵਜ਼ੇ ਅਤੇ ਮੁੜ ਵਸੇਬੇ ਦੀ ਗੱਲ ਕਰਨ ਲਈ ਕੋਈ ਸਿਆਸੀ ਪਾਰਟੀ ਸਾਹਮਣੇ ਨਹੀਂ ਆਉਂਦੀ | ਵਰਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦਾ ਰਾਜਨੀਤਕ ਰਾਖਵਾਂਕਰਨ ਸਪੱਸਟ ਤੌਰ 'ਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਵਿਚ ਸਹੀ ਥਾਂ ਦੇਵੇਗਾ |